ਨਵੀਂ ਦਿੱਲੀ/11 ਅਪ੍ਰੈਲ ( ਪੰਜਾਬੀ ਖਬਰਨਾਮਾ) : ਦਿੱਲੀ ਸ਼ਰਾਬ ਨੀਤੀ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੀਬੀਆਈ ਨੇ ਵੀਰਵਾਰ ਨੂੰ ਬੀਆਰਐਸ ਆਗੂ ਕੇ ਕਵਿਤਾ ਨੂੰ ਤਿਹਾੜ ਜੇਲ੍ਹ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਕਵਿਤਾ ਸ਼ਰਾਬ ਨੀਤੀ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਅਦਾਲਤੀ ਹਿਰਾਸਤ ਵਿੱਚ ਸਨ।
ਕਵਿਤਾ 26 ਮਾਰਚ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਸੀਬੀਆਈ ਵੱਲੋਂ ਕੇ ਕਵਿਤਾ ਦਾ ਰਿਮਾਂਡ ਮੰਗਣ ਲਈ ਸ਼ੁੱਕਰਵਾਰ, 12 ਅਪ੍ਰੈਲ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਰਿਮਾਂਡ ਮਿਲਣ ’ਤੇ ਕਵਿਤਾ ਨੂੰ ਸੀਬੀਆਈ ਹੈਡਕੁਆਰਟਰ ਵਿੱਚ ਲਿਜਾਇਆ ਜਾਵੇਗਾ, ਜਿੱਥੇ ਐਂਟੀ ਕੁਰੱਪਸ਼ਨ ਬ੍ਰਾਂਚ ਦੀ ਟੀਮ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਸੀਬੀਆਈ ਨੇ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਤੋਂ ਇਜਾਜ਼ਤ ਲੈ ਕੇ 6 ਅਪ੍ਰੈਲ ਨੂੰ ਤਿਹਾੜ ਜੇਲ੍ਹ ਜਾ ਕੇ ਕਵਿਤਾ ਤੋਂ ਪੁੱਛਗਿੱਛ ਕੀਤੀ ਸੀ। ਕਵਿਤਾ ਨੂੰ ਸਹਿ ਦੋਸ਼ੀ ਬੁਚੀ ਬਾਬੂ ਦੇ ਫੋਨ ਤੋਂ ਬਰਾਮਦ ਵਟਸਐਪ ਚੈਟ ਅਤੇ ਇੱਕ ਜ਼ਮੀਨ ਸੌਦੇ ਨਾਲ ਸਬੰਧਤ ਦਸਤਾਵੇਜ਼ਾਂ ਬਾਰੇ ਸਵਾਲ ਜਵਾਬ ਕੀਤੇ ਗਏ ਸਨ। ਦੋਸ਼ ਹੈ ਕਿ ਜ਼ਮੀਨ ਸੌਦੇ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ 100 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ।
ਦੱਸਣਾ ਬਣਦਾ ਹੈ ਕਿ ਕੇ ਕਵਿਤਾ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਹੈ। ਈਡੀ ਨੇ ਉਨ੍ਹਾਂ ਨੂੰ ਬੀਤੀ 15 ਮਾਰਚ ਨੂੰ ਹੈਦਰਾਬਾਦ ਦੇ ਵਣਜਾਰਾ ਹਿਲਜ਼ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। 16 ਮਾਰਚ ਨੂੰ ਰਾਊਜ਼ ਐਵੇਨਿਊ ਕੋਰਟ ਨੇ ਕਵਿਤਾ ਨੂੰ 23 ਮਾਰਚ ਤੱਥ ਈਡੀ ਦੀ ਹਿਰਾਸਤ ਵਿੱਚ ਭੇਜਿਆ ਸੀ। ਅਦਾਲਤ ਨੇ 23 ਮਾਰਚ ਨੂੰ ਉਨ੍ਹਾਂ ਦੀ ਈਡੀ ਹਿਰਾਸਤ ਵਿੱਚ 26 ਮਾਰਚ ਤੱਕ ਵਧਾ ਦਿੱਤੀ ਸੀ। 26 ਮਾਰਚ ਨੂੰ ਕਵਿਤਾ ਨੂੰ ਅਦਾਲਤੀ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਰਾਊਜ਼ ਐਵੇਨਿਊ ਅਦਾਲਤ ਨੇ ਮੰਗਲਵਾਰ 9 ਅਪ੍ਰੈਲ ਨੂੰ ਕਵਿਤਾ ਦੀ ਅਦਾਲਤੀ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਸੀ। ਹੁਣ ਬੀਆਰਐਸ ਆਗੂ ਕਵਿਤਾ 23 ਅਪ੍ਰੈਲ ਤੱਕ ਅਦਾਲਤੀ ਹਿਰਾਸਤ ਵਿੱਚ ਹਨ। ਈਡੀ ਦਾ ਦੋਸ ਹੈ ਕਿ ਕਵਿਤਾ ਸ਼ਰਾਬ ਕਾਰੋਬਾਰੀਆਂ ਦੇ ਸਮੂਹ ‘ਦੱਖਣੀ ਸਮੂਹ ਦੀ ਮੁੱਖ ਮੈਬਰ ਸੀ। ਦੱਖਣੀ ਸਮੂਹ ਨਾਲ ਜੁੜੇ ਲੋਕਾਂ ’ਤੇ ਦਿੱਲੀ ਵਿੱਚ ਸ਼ਰਾਬ ਕਾਰੋਬਾਰ ਦੇ ਲਾਇਸੰਸ ਬਦਲੇ ਆਮ ਆਦਮੀ ਪਾਰਟੀ ਨੂੰ 100 ਕਰੋੜ ਰੁਪਏ ਰਿਸ਼ਵਤ ਦੇਣ ਦਾ ਦੋਸ਼ ਹੈ।
