Carry On Jatta

30 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ‘ਅਕਾਲ’ ਨੂੰ ਆਸ ਅਨੁਸਾਰ ਸਫ਼ਲਤਾ ਨਾ ਮਿਲਣ ਕਾਰਨ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਹੁਣ ਮੁੜ ਅਪਣੇ ਪੁਰਾਣੇ ਕਮਰਸ਼ਿਅਲ ਅਵਤਾਰਾਂ ਵੱਲ ਪਰਤਦੇ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੇ ਫਾਰਮੂਲਾ ਪੈਟਰਨ ਵੱਲ ਮੁੜ ਵਧਾਏ ਕਦਮਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਅੱਜ ਤਾਜ਼ਾ ਸਾਹਮਣੇ ਆਈ ਇੱਕ ਹੋਰ ਅਨਾਊਸਮੈਂਟ, ਜਿਸ ਦੁਆਰਾ ਉਨ੍ਹਾਂ ਦੀ ਸੁਪਰ ਸਕਸੈਸ ਟੀਮ ‘ਕੈਰੀ ਆਨ ਜੱਟਾ’ ਇੱਕ ਵਾਰ ਫਿਰ ਸਿਲਵਰ ਸਕ੍ਰੀਨ ਉਪਰ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ।

ਸਾਲ 2012 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਕੈਰੀ ਆਨ ਜੱਟਾ’ ਅਦਾਕਾਰ ਗਿੱਪੀ ਗਰੇਵਾਲ ਦੇ ਕਰੀਅਰ ਲਈ ਇੱਕ ਸ਼ਾਨਦਾਰ ਟਰਨਿੰਗ ਪੁਆਇੰਟ ਰਹੀ ਹੈ, ਜਿਸ ਨੇ ਉਨ੍ਹਾਂ ਦੇ ਪਾਲੀਵੁੱਡ ਕਰੀਅਰ ਨੂੰ ਨਵੇਂ ਅਯਾਮ ਦੇਣ ਅਤੇ ਉਨ੍ਹਾਂ ਨੂੰ ਸਟਾਰ ਵਜੋਂ ਮੁਕਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।

ਏਨਾਂ ਹੀ ਨਹੀਂ ਇਸੇ ਫਿਲਮ ਨੇ ਨਿਰਦੇਸ਼ਕ ਸਮੀਪ ਕੰਗ, ਲੇਖਕ ਨਰੇਸ਼ ਕਥੂਰੀਆ ਅਤੇ ਬਿੰਨੂ ਢਿੱਲੋਂ ਨੂੰ ਵੀ ਉੱਚੀ ਪਰਵਾਜ਼ ਦੇਣ ਦਾ ਮੁੱਢ ਬੰਨਿਆ, ਜਿਸ ਨਾਲ ਇੰਨਾਂ ਤਿੰਨੋਂ ਸਿਨੇਮਾ ਸ਼ਖਸ਼ੀਅਤਾਂ ਨੇ ਫੇਰ ਪਿੱਛੇ ਮੁੜ ਕੇ ਨਹੀਂ ਵੇਖਿਆ। ਪਾਲੀਵੁੱਡ ‘ਚ ਨਵੇਂ ਕਾਮੇਡੀ ਟ੍ਰੇਂਡ ਸੈੱਟ ਕਰਨ ਵਾਲੀ ਉਕਤ ਫਿਲਮ ਦੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਸਾਹਮਣੇ ਆਏ ਦੋ ਹੋਰ ਸੀਕਵਲ ‘ਕੈਰੀ ਆਨ ਜੱਟਾ 2’ (2018 ) ਅਤੇ ‘ਕੈਰੀ ਆਨ ਜੱਟਾ 3’ (2023) ਵੀ ਖਾਸੀ ਸਫ਼ਲਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚੋਂ ਤੀਸਰੇ ਸੀਕਵਲ ਨੇ ਬਹੁ-ਕਰੋੜੀ ਟਿਕਟ ਖਿੜਕੀ ਕਾਰੋਬਾਰ ਕਰਨ ਦਾ ਰਿਕਾਰਡ ਅਪਣੇ ਨਾਂਅ ਕੀਤਾ।

ਪੰਜਾਬੀ ਸਿਨੇਮਾ ਲਈ ਵਪਾਰਕ ਪੱਖੋਂ ਕਾਫ਼ੀ ਮੁਫਾਦਕਾਰੀ ਰਹੀ ਉਕਤ ਕਾਮੇਡੀ ਸੀਰੀਜ਼ ਦੇ ਚੌਥੇ ਸੀਕਵਲ ਨੂੰ ਵਜ਼ੂਦ ਵਿੱਚ ਲਿਆਉਣ ਦਾ ਰਸਮੀ ਐਲਾਨ ਸੰਬੰਧਤ ਟੀਮ ਦੁਆਰਾ ਕਰ ਦਿੱਤਾ ਹੈ, ਜਿਸ ਦੇ ਜਿਆਦਾ ਪਹਿਲੂਆਂ ਨੂੰ ਹਾਲ ਫਿਲਹਾਲ ਚਾਹੇ ਰਿਵੀਲ ਨਹੀਂ ਕੀਤਾ ਗਿਆ, ਪਰ ਸਾਹਮਣੇ ਆਏ ਪਹਿਲੇ ਅਨਾਊਸਮੈਂਟ ਮੰਜ਼ਰ ਤੋਂ ਇਹ ਅੰਦਾਜ਼ਾਂ ਭਲੀਭਾਂਤ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਲੇਖਣ ਅਤੇ ਨਿਰਦੇਸ਼ਨ ਨਰੇਸ਼ ਕਥੂਰੀਆ ਅਤੇ ਸਮੀਪ ਕੰਗ ਦੀ ਸਫ਼ਲ ਸਿਨੇਮਾ ਜੋੜੀ ਵੱਲੋਂ ਅੰਜ਼ਾਮ ਦਿੱਤਾ ਜਾਵੇਗਾ, ਜਿੰਨ੍ਹਾਂ ਦੀ ਸ਼ਾਨਦਾਰ ਕਾਮੇਡੀ ਟਾਈਮਿੰਗ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਬਿੰਨੂ ਢਿੱਲੋਂ ਹੀ ਲੀਡਿਗ ਕਿਰਦਾਰ ਅਦਾ ਕਰਨਗੇ।

ਸੰਖੇਪ: ਪ੍ਰਸਿੱਧ ਪੰਜਾਬੀ ਕਾਮੇਡੀ ਫਿਲਮ ‘ਕੈਰੀ ਆਨ ਜੱਟਾ’ ਦੀ ਟੀਮ 2026 ਵਿੱਚ ਨਵੇਂ ਭਾਗ ਨਾਲ ਵਾਪਸੀ ਕਰ ਰਹੀ ਹੈ, ਜਿਸ ਦੀ ਉਮੀਦ ਹੈ ਕਿ ਇਹ ਵੀ ਦਰਸ਼ਕਾਂ ਨੂੰ ਹਸਾਂ-ਹਸਾਂ ਕੇ ਲੋਟਪੋਟ ਕਰੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।