20 ਜੂਨ (ਪੰਜਾਬੀ ਖਬਰਨਾਮਾ):ਛੋਟੇ ਬੱਚਿਆਂ ਨੂੰ ਦਸਤ ਲੱਗਣਾ ਆਮ ਸਮੱਸਿਆ ਹੈ। ਇਸ ਹਾਲਤ ’ਚ ਬੱਚੇ ਖ਼ੁਰਾਕ ਵੀ ਘੱਟ ਖਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਸਰੀਰ ’ਚ ਕਮਜ਼ੋਰੀ ਆ ਜਾਂਦੀ ਹੈ। ਦਸਤ ਕਾਰਨ ਬੱਚੇ ਦੇ ਸਰੀਰ ’ਚ ਪਾਣੀ ਅਤੇ ਨਮਕ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਉਹ ਨਿਢਾਲ ਪੈ ਜਾਂਦੇ ਹਨ ਅਤੇ ਕਈ ਵਾਰ ਤਾਂ ਉਨ੍ਹਾਂ ਦਾ ਸਰੀਰ ਵੀ ਪੀਲਾ ਪੈ ਜਾਂਦਾ ਹੈ।PlayNextMute

ਦਸਤ ਲੱਗਣ ਦੇ ਕਾਰਨ

ਛੋਟੇ ਬੱਚਿਆਂ ਨੂੰ ਅਕਸਰ ਪੇਟ ਦਰਦ ਜਾਂ ਖੰਘ-ਜ਼ੁਕਾਮ ਹੋਇਆ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ ਦੇਣੀਆਂ ਪੈਂਦੀਆਂ ਹਨ। ਇਨ੍ਹਾਂ ਦਵਾਈਆਂ ਨਾਲ ਇਕ ਸਮੱਸਿਆ ਤਾਂ ਦੂਰ ਹੋ ਜਾਂਦੀ ਹੈ ਪਰ ਕਈ ਵਾਰੀ ਬੱਚੇ ਨੂੰ ਦਸਤ ਲੱਗ ਜਾਂਦੇ ਹਨ।

ਛੋਟਾ ਬੱਚਾ ਜਦੋਂ ਰਿੜਨ ਜਾਂ ਬੈਠਣ ਲੱਗਦਾ ਹੈ ਤਾਂ ਅਕਸਰ ਉਹ ਖਿਡੌਣਿਆਂ ਤੇ ਹੋਰ ਆਸ-ਪਾਸ ਪਈਆਂ ਚੀਜ਼ਾਂ ਨੂੰ ਮੂੰਹ ’ਚ ਪਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਕਾਰਨ ਬੱਚੇ ਦੇ ਪੇਟ ’ਚ ਇਨਫੈਕਸ਼ਨ ਹੋ ਜਾਂਦੀ ਹੈ, ਜਿਸ ਕਾਰਨ ਪਾਚਨ ਸ਼ਕਤੀ ਕਮਜ਼ੋਰ ਹੋਣ ਕਾਰਨ ਦਸਤ ਲੱਗ ਜਾਂਦੇ ਹਨ। ਦਸਤ ਵਿਚ ਬੱਚਿਆਂ ਦੀ ਦੇਖਭਾਲ ਕਰਨੀ ਲਾਜ਼ਮੀ ਹੈ।

ਛੋਟੇ ਬੱਚਿਆਂ ’ਚ ਦਸਤ ਦੀ ਪਛਾਣ

ਬੱਚਾ ਦੋ ਮਹੀਨੇ ਤੋਂ ਛੋਟਾ ਹੈ ਤੇ ਪਤਲਾ ਪਖਾਨਾ ਕਰ ਰਿਹਾ ਹੈ।

ਬੱਚਾ ਦੋ ਮਹੀਨੇ ਤੋਂ ਪੰਜ ਸਾਲ ਤਕ ਦਾ ਹੈ ਅਤੇ 24 ਘੰਟੇ ਵਿਚ 3 ਜਾਂ ਇਸ ਤੋਂ ਜ਼ਿਆਦਾ ਵਾਰ ਪਤਲਾ ਪਾਣੀ ਵਾਲਾ ਪਖਾਨਾ ਕਰਦਾ ਹੈ।

ਓਆਰਐੱਸ ਘੋਲ ਬਣਾਉਣ ਦਾ ਤਰੀਕਾ

ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਓ।

ਇਕ ਸਾਫ਼ ਬਰਤਨ ’ਚ ਇਕ ਲਿਟਰ ਸਾਫ਼ ਤੇ ਪੀਣ ਯੋਗ ਪਾਣੀ ਲਵੋ।

ਇਸ ਪਾਣੀ ਵਿਚ ਓਆਰਐੱਸ ਦਾ ਪੂਰਾ ਪੈਕੇਟ ਪਾ ਦਿਉ।

ਪਾਊਡਰ ਅਤੇ ਪਾਣੀ ਨੂੰ ਚੰਗੀ ਤਰ੍ਹਾਂ ਘੋਲ ਲਓ।

ਇਸ ਘੋਲ ਵਾਲੇ ਬਰਤਨ ਨੂੰ ਢਕ ਕੇ ਰੱਖੋ।

ਧਿਆਨ ਰਹੇ ਕਿ ਇਕ ਵਾਰ ਬਣਾਇਆ ਘੋਲ 24 ਘੰਟੇ ਤਕ ਹੀ ਵਰਤਿਆ ਜਾ ਸਕਦਾ ਹੈ।

ਓਆਰਐੱਸ ਦੀ ਖ਼ੁਰਾਕ

ਇਕ-ਦੋ ਮਿੰਟ ਬਾਅਦ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਕੌਲੀ-ਚਮਚ ਨਾਲ ਘੋਲ ਪਿਲਾਓ।

ਦੋ ਮਹੀਨੇ ਤਕ ਦੇ ਬੱਚੇ ਨੂੰ 5 ਚਮਚ ਘੋਲ ਹਰ ਪਤਲੇ ਦਸਤ ਤੋਂ ਬਾਅਦ ਪਿਲਾਓ।

ਦੋ ਮਹੀਨੇ ਤੋਂ 2 ਸਾਲ ਤਕ ਦੇ ਬੱਚੇ ਨੂੰ ਇਕ ਚੌਥਾਈ ਕੱਪ ਤੋਂ ਅੱਧਾ ਕੱਪ ਘੋਲ ਹਰ ਪਤਲੇ ਦਸਤ ਤੋਂ ਬਾਅਦ ਪਿਲਾਓ।

ਦੋ ਸਾਲ ਤੋਂ ਵੱਡੇ ਬੱਚੇ ਨੂੰ ਅੱਧੇ ਤੋਂ ਇਕ ਕੱਪ ਘੋਲ ਹਰ ਪਤਲੇ ਦਸਤ ਤੋਂ ਬਾਅਦ ਪਿਲਾਓ।

ਬੱਚੇ ਨੂੰ ਓਆਰਐੱਸ ਦਾ ਘੋਲ ਇੰਨੀ ਮਾਤਰਾ ਵਿਚ ਦਿਉ ਕਿ 24 ਘੰਟੇ ਵਿਚ ਬੱਚਾ 4-5 ਵਾਰ ਹਲਕੇ ਪੀਲੇ ਰੰਗ ਦਾ ਪਿਸ਼ਾਬ ਕਰੇ।

ਛੇ ਮਹੀਨੇ ਤੋਂ ਵੱਡੇ ਬੱਚੇ ਨੂੰ ਘਰੇਲੂ ਤਰਲ ਪਦਾਰਥ, ਜਿਵੇਂ ਚੌਲਾਂ ਦਾ ਪਾਣੀ, ਸ਼ਿਕੰਜਵੀ, ਦਾਲ, ਦਲੀਆ, ਖਿਚੜੀ, ਦਹੀਂ, ਲੱਸੀ ਆਦਿ ਨਾਲ-ਨਾਲ ਦਿਉ।

ਜ਼ਿੰਕ ਦੇਣ ਦੇ ਲਾਭ

ਬੱਚਾ ਜਲਦੀ ਠੀਕ ਹੋ ਜਾਂਦਾ ਹੈ।

ਬੱਚਾ ਘੱਟ ਪਤਲਾ ਪਖਾਨਾ ਕਰਦਾ ਹੈ।

ਆਉਣ ਵਾਲੇ ਤਿੰਨ ਮਹੀਨੇ ਤਕ ਦਸਤ ਤੇ ਨਮੋਨੀਆ ਤੋਂ ਬਚਾਉਣ ਵਿਚ ਮਦਦ ਕਰਦਾ ਹੈ।

ਕਦੋਂ ਹੈ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਲੋੜ

ਜੇ ਬੱਚੇ ਨੂੰ ਬੁਖਾਰ ਹੋਵੇ।

ਪਖਾਨੇ ਵਿਚ ਖ਼ੂਨ ਆਵੇ।

ਬੱਚਾ ਪਾਣੀ ਜਾਂ ਮਾਂ ਦਾ ਦੁੱਧ ਨਾ ਪੀ ਸਕੇ ਅਤੇ ਨਿਢਾਲ ਹੋਵੇ।

8 ਘੰਟੇ ਤਕ ਬੱਚਾ ਪਿਸ਼ਾਬ ਨਾ ਕਰੇ।

1 ਘੰਟੇ ’ਚ ਕਈ ਵਾਰ ਪਖਾਨਾ ਆਵੇ।

ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰੋ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।