ਟੋਰਾਂਟੋ, 01 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੈਨੇਡਾ ਇਮੀਗ੍ਰੇਸ਼ਨ ਨੇ ਵੀਜ਼ਾ ਅਰਜ਼ੀ ਨਾ ਮਨਜ਼ੂਰ ਕਰਨ ਸਮੇਂ ਦਿੱਤੇ ਜਾਣ ਵਾਲੇ ਕਾਰਨਾਂ ਸੰਬੰਧੀ ਕੁਝ ਅਹਿਮ ਤਬਦੀਲੀਆਂ ਕੀਤੀਆਂ ਹਨ। ਜਿਸ ਤਹਿਤ ਹੁਣ ਵੀਜ਼ਾ ਅਫ਼ਸਰ ਨੂੰ ਅਰਜ਼ੀ ਨੂੰ ਨਾ ਮਨਜ਼ੂਰ ਕਰਦੇ ਸਮੇਂ ਬਿਨੈਕਾਰ ਨੂੰ ਸਪੱਸ਼ਟ ਕਾਰਨ ਦੱਸਣਾ ਹੋਵੇਗਾ ਕਿ ਉਸਨੂੰ ਵੀਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ।
ਦਰਅਸਲ ਪਹਿਲੇ ਵੀਜ਼ਾ ਨਿਯਮਾਂ ਅਨੁਸਾਰ ਜਦੋਂ ਬਿਨੈਕਾਰ ਕੈਨੇਡਾ ਦੇ ਕਿਸੇ ਵੀ ਵੀਜ਼ਾ ਲਈ ਅਰਜ਼ੀ ਕਰਦਾ ਸੀ ਤਾਂ ਵੀਜ਼ਾ ਅਰਜ਼ੀ ‘ਤੇ ਕੰਮ ਕਰਨ ਵਾਲੇ ਅਫ਼ਸਰ ਵੱਲੋਂ ਇੱਕ ਪਹਿਲਾਂ ਤੋਂ ਹੀ ਪ੍ਰਿੰਟ ਕੀਤੀ ਲੈਟਰ ਦੇ ਇੱਕ ਜਾਂ ਦੋ ਕਾਲਮਾਂ ਨੂੰ ਮਾਰਕ ਕਰਕੇ ਬਿਨੈਕਾਰ ਨੂੰ ਭੇਜ ਦਿੱਤਾ ਜਾਂਦਾ ਸੀ ਪਰ ਅਫਸਰ ਵੱਲੋਂ ਵਿਸ਼ੇਸ਼ ਤੌਰ ‘ਤੇ ਨੋਟ ਨਹੀਂ ਸੀ ਦਿੱਤੇ ਜਾਂਦੇ । ਜ਼ਿਕਰਯੋਗ ਹੈ ਕਿ ਅਫਸਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਨੋਟ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਬਿਨੈਕਾਰ ਦੀ ਅਰਜ਼ੀ ਨੂੰ ਕਿਉਂ ਰੱਦ ਕੀਤਾ ਗਿਆ।
ਪਰ ਹੁਣ ਨਵੇਂ ਨਿਯਮ ਅਨੁਸਾਰ ਹੁਣ ਅਫ਼ਸਰ ਨੂੰ ਇਹ ਨੋਟ ਰਿਫਿਊਜ਼ਲ ਲੈਟਰ ਦੇ ਨਾਲ ਹੀ ਭੇਜਣੇ ਹੋਣਗੇ।
ਇਸ ਪ੍ਰਕਿਰਿਆ ਨਾਲ ਬਿਨੈਕਾਰ ਨੂੰ ਤੁਰੰਤ ਆਪਣੀ ਖਾਮੀ ਨੂੰ ਪੂਰਾ ਕਰਨ ਦਾ ਮੌਕਾ ਮਿਲ ਸਕੇਗਾ। ਦੱਸਣਯੋਗ ਹੈ ਕਿ ਪਹਿਲਾਂ ਅਫ਼ਸਰ ਦੇ ਨੋਟ ਲੈਣ ਲਈ ਬਿਨੈਕਾਰ ਨੂੰ ਵੱਖਰੇ ਤੌਰ ‘ਤੇ ਅਪਲਾਈ ਕਰਨਾ ਪੈਂਦਾ ਸੀ ਜਿਸਦੀ ਸੌ ਡਾਲਰ ਦੀ ਫ਼ੀਸ ਵੀ ਅਦਾ ਕਰਨੀ ਪੈਂਦੀ ਸੀ।
ਸੰਖੇਪ:
ਕੈਨੇਡਾ ਇਮੀਗ੍ਰੇਸ਼ਨ ਨੇ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸਹੇਠਾਂ ਵੀਜ਼ਾ ਰੱਦ ਕਰਨ ‘ਤੇ ਅਫ਼ਸਰ ਨੂੰ ਹੁਣ ਸਪੱਸ਼ਟ ਕਾਰਨ ਸਿੱਧਾ ਰਿਫਿਊਜ਼ਲ ਲੈਟਰ ‘ਚ ਦੱਸਣਾ ਲਾਜ਼ਮੀ ਹੋਵੇਗਾ।