ਸਰੀ( ਪੰਜਾਬੀ ਖਬਰਨਾਮਾ): ਕੈਨੇਡਾ ਦੇ ਐਡਮਿੰਟਨ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਮੁਖੀ ਤੇ ਪੰਜਾਬੀ ਮੂਲ ਦੇ ਉੱਘੇ ਬਿਲਡਰ ਬੂਟਾ ਸਿੰਘ ਗਿੱਲ ਦੀ ਮੰਗਲਵਾਰ ਨੂੰ ਉਸਾਰੀ ਵਾਲੀ ਥਾਂ ’ਤੇ ਕਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ।
ਬੂਟਾ ਸਿੰਘ ਐਡਮਿੰਟਨ ਵਿੱਚ ਲਗਜ਼ਰੀ ਘਰ ਬਣਾਉਣ ਵਾਲੀ ਕੰਪਨੀ ਗਿੱਲ ਬਿਲਟ ਹੋਮਸ ਦਾ ਮਾਲਕ ਸੀ । ਐਡਮਿੰਟਨ ਪੁਲਿਸ ਨੇ ਪੁਸ਼ਟੀ ਕੀਤੀ ਕਿ 49 ਸਾਲਾ ਅਤੇ 57 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 51 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ । ਜ਼ਖਮੀ ਦੀ ਪਛਾਣ ਸਰਬਜੀਤ ਸਿੰਘ ਸਿਵਲ ਇੰਜਨੀਅਰ ਵਜੋਂ ਹੋਈ ਹੈ ।
ਰਿਪੋਰਟਾਂ ਦੇ ਅਨੁਸਾਰ ਉਸਾਰੀ ਵਾਲੀ ਥਾਂ ’ਤੇ ਝਗੜਾ ਹੋਇਆ, ਜਿਸ ਕਾਰਨ ਗਿੱਲ ਅਤੇ ਇੱਕ ਹੋਰ ਵਿਅਕਤੀ ਨੂੰ ਭਾਰਤੀ ਮੂਲ ਦੇ ਉਸਾਰੀ ਕਰਮਚਾਰੀ ਨੇ ਗੋਲ਼ੀ ਮਾਰ ਦਿੱਤੀ । ਬਾਅਦ ਵਿੱਚ ਹਮਲਾਵਰ ਨੇ ਆਪਣੀ ਜਾਨ ਲੈ ਲਈ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਿੱਲ ਨੇ ਪਹਿਲਾਂ ਫਿਰੌਤੀ ਅਤੇ ਧਮਕੀਆਂ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਸੀ।
ਸੂਤਰਾਂ ਮੁਤਾਬਕ ਤਿੰਨੋਂ ਵਿਅਕਤੀ ਕੰਸਟ੍ਰਕਸ਼ਨ ਸਾਈਟ ’ਤੇ ਮੌਜੂਦ ਸਨ, ਜਦੋਂ ਗਿੱਲ ਅਤੇ ਧਾਲੀਵਾਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਸ ਮਗਰੋਂ ਧਾਲੀਵਾਲ ਨੇ ਆਪਣੀ ਪਿਸਤੌਲ ਕੱਢੀ ਅਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੰਜਨੀਅਰ ਸਰਬਜੀਤ ਸਿੰਘ ਜ਼ਖ਼ਮੀ ਹੋ ਗਿਆ ।
ਭਾਵੇਂ ਫਿਲਹਾਲ ਝਗੜੇ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ, ਪਰ ਚਰਚਾਵਾਂ ਦਾ ਦੌਰ ਜਾਰੀ ਹੈ । ਦੱਸਿਆ ਜਾ ਰਿਹਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਦਾ ਗਿੱਲ ਪ੍ਰਧਾਨ ਸੀ, ਉਹ ਖਾਲਿਸਤਾਨੀ ਲਹਿਰ ਦੀਆਂ ਸੰਚਾਲਕ ਸੰਸਥਾਵਾਂ ਵਿੱਚ ਮੋਹਰੀ ਕਰਕੇ ਜਾਣਿਆ ਜਾਂਦਾ ਹੈ । ਹੁਣ ਦੋਵੇਂ ਮਿ੍ਰਤਕਾਂ ਵਿਚਕਾਰ ਝਗੜੇ ਦਾ ਕਾਰਨ ਖਾਲਿਸਤਾਨੀ ਲਹਿਰ ਦੀ ਸਿਆਸਤ ਬਣੀ ਹੈ ਜਾਂ ਕੋਈ ਕਾਰੋਬਾਰੀ ਲੈਣ-ਦੇਣ ਇਹ ਜਾਂਚ ਦਾ ਵਿਸ਼ਾ ਹੈ । ਸੂਤਰ ਇਹ ਵੀ ਦੱਸਦੇ ਹਨ ਕਿ ਮਰਹੂਮ ਗਿੱਲ ਨੇ ਇਸ ਤੋਂ ਪਹਿਲਾਂ 2-3 ਵਾਰ ਫਿਰੌਤੀਆਂ ਮੰਗੇ ਜਾਣ ਬਾਰੇ ਪੁਲਿਸ ਰਿਪੋਰਟ ਵੀ ਕੀਤੀ ਸੀ । ਪੁਲਿਸ ਨੇ ਮਾਮਲਾ ਆਪਣੇ ਹੱਥਾਂ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ।
ਜ਼ਿਕਰਯੋਗ ਹੈ ਕਿ ਐਡਮਿੰਟਨ ਦੇ ਕੁਝ ਹੋਰ ਬਿਲਡਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਅਤੇ ਸ਼ਹਿਰ ਵਿੱਚ ਨਵੇਂ ਬਣਨ ਵਾਲੇ ਕੁਝ ਘਰਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ । ਇਸ ਘਟਨਾ ਨਾਲ ਇਲਾਕੇ ਅਤੇ ਭਾਈਚਾਰੇ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਮੈਂਬਰ ਪਾਰਲੀਮੈਂਟ ਟਿਮ ਉੱਪਲ, ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ, ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਅਤੇ ਗੁਰਸ਼ਰਨ ਸਿੰਘ ਬੁੱਟਰ ਨੇ ਇਸ ਘਟਨਾ ਨੂੰ ਭਾਈਚਾਰੇ ਲਈ ਮੰਦਭਾਗਾ ਦੱਸਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।