24 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੈਲੀਫੋਰਨੀਆ ਵਿੱਚ ਟਰੱਕ ਹਾਦਸੇ ਦੇ ਮਾਮਲੇ ਵਿਚ ਗ੍ਰਿਫਤਾਰ ਜਸ਼ਨਪ੍ਰੀਤ ਸਿੰਘ ਦੇ ਹੱਕ ਵਿੱਚ ਪੂਰਾ ਪਿੰਡ ਹੋਇਆ ਇਕੱਠਾ ਹੋਇਆ। ਇਸ ਨੌਜਵਾਨ ਦੇ ਪਿਤਾ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਬਚਪਨ ਤੋਂ ਅੰਮ੍ਰਿਤਧਾਰੀ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਹੈ। ਉਸ ਉੁਪਰ ਝੂਠੇ ਦੋਸ਼ ਲਾਏ ਗਏ ਹਨ।

ਜਸ਼ਨਪ੍ਰੀਤ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਅਤੇ ਪਿੰਡ ਵਾਸੀ ਜਸ਼ਨਪ੍ਰੀਤ ਦੇ ਹੱਕ ਵਿੱਚ ਆ ਖਲੋਤੇ ਹਨ। ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਦਾਅਵਾ ਕੀਤਾ ਹੈ ਕਿ ਜਸ਼ਨਪ੍ਰੀਤ ਬਚਪਨ ਤੋਂ ਹੀ ਗੁਰਸਿੱਖ ਹੈ ਅਤੇ ਇੱਕ ਹੋਣਹਾਰ ਬੱਚਾ ਹੈ। ਇਥੋਂ ਤੱਕ ਕੀ ਉਸ ਦਾ ਪੂਰਾ ਪਰਿਵਾਰ ਹੀ ਗੁਰਸਿੱਖ ਹੈ। ਨਸ਼ਾ ਕਰਨਾ ਤਾਂ ਦੂਰ, ਉਸ ਨੇ ਕਦੀ ਨਸ਼ੇ ਵੱਲ ਵੇਖਿਆ ਵੀ ਨਹੀਂ ਹੈ। ਉਸ ਉਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।

ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਮਹਿਜ਼ ਇੱਕ ਹਾਦਸਾ ਹੈ ਜੋ ਕਦੇ ਵੀ, ਕਿਸੇ ਨਾਲ ਵੀ ਵਾਪਰ ਸਕਦਾ ਹੈ। ਉਨ੍ਹਾਂ ਨੂੰ ਦੁਰਘਟਨਾ ਵਿੱਚ ਮਾਰੇ ਗਏ ਤਿੰਨ ਲੋਕਾਂ ਦੀ ਮੌਤ ਦਾ ਦੁੱਖ ਹੈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ। ਪਰ ਜਸ਼ਨਪ੍ਰੀਤ ਦਾ ਨਸ਼ੇ ਨਾਲ ਕੋਈ ਸਬੰਧ ਨਹੀਂ ਹੈ, ਉਹ ਨਸ਼ਾ ਨਹੀਂ ਕਰਦਾ ਅਤੇ ਉਸ ਨੂੰ ਨਾਜਾਇਜ਼ ਭੰਡਿਆ ਜਾ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਦਖਲ ਕਰਕੇ ਇਸ ਦੀ ਗਹਿਰਾਈ ਨਾਲ ਜਾਂਚ ਕਰਵਾਉਣ ਲਈ ਅਮਰੀਕਾ ਦੀ ਸਰਕਾਰ ਨਾਲ ਅਤੇ ਕੈਲੀਫੋਰਨੀਆ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਏ।

ਉਧਰ, ਅਰਮੀਕਾ ਵਿਚ ਵਾਪਰੇ ਇਸ ਟਰੱਕ ਹਾਦਸੇ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕਰਨ ਸਬੰਧੀ ਵੱਡੇ ਵੱਧਰ ’ਤੇ ਬਹਿਸ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿੱਚ ਬੀਤੇ ਦਿਨੀਂ ਵਾਪਰੇ ਵੱਡੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੋਂ ਇਲਾਵਾ 4 ਹੋਰ ਜ਼ਖਮੀ ਹੋਏ ਅਤੇ ਅੱਠ ਗੱਡੀਆਂ ਨੁਕਸਾਨੀਆਂ ਗਈਆਂ ਸਨ। ਦੋਸ਼ ਲੱਗੇ ਸਨ ਕਿ ਹਾਦਸੇ ਸਮੇਂ ਜਸ਼ਨਪ੍ਰੀਤ ਸਿੰਘ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਇੱਕ ਕਮਰਸ਼ੀਅਲ ਟਰੱਕ ਚਲਾ ਰਿਹਾ ਸੀ।

ਵੀਰਵਾਰ ਨੂੰ ਵ੍ਹਾਈਟ ਹਾਊਸ ਦੀ ਇੱਕ ਬ੍ਰੀਫਿੰਗ ਵਿੱਚ ਪ੍ਰੈਸ ਸਕੱਤਰ ਕੈਰੋਲਿਨ ਲੀਵਿਟ ਨੇ ਇਸ ਦੀ ਆਲੋਚਨਾ ਕੀਤੀ। ਉਨ੍ਹਾਂ ਰਾਜਾਂ ਵੱਲੋਂ ਅਣਅਧਿਕਾਰਤ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ (CDLs) ਜਾਰੀ ਕਰਨ ਨੂੰ ‘ਪਰੇਸ਼ਾਨ ਕਰਨ ਵਾਲਾ’ ਦੱਸਿਆ। ਉਨ੍ਹਾਂ ਪੁਸ਼ਟੀ ਕੀਤੀ ਕਿ ਕੈਲੀਫ਼ੋਰਨੀਆ ਨੇ ਸਿੰਘ ਨੂੰ ਇੱਕ CDL ਦਿੱਤਾ ਸੀ ਅਤੇ ਕਿਹਾ ਕਿ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ (DOT) ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਸੰਖੇਪ:

ਕੈਲੀਫੋਰਨੀਆ ਟਰੱਕ ਹਾਦਸੇ ਮਾਮਲੇ ਵਿੱਚ ਗ੍ਰਿਫਤਾਰ ਜਸ਼ਨਪ੍ਰੀਤ ਦੇ ਪਰਿਵਾਰ ਨੇ ਨਸ਼ੇ ਦੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ, ਜਦਕਿ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕਰਨ ‘ਤੇ ਰਾਸ਼ਟਰੀ ਪੱਧਰ ‘ਤੇ ਬਹਿਸ ਛਿੜ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।