ਲੌਂਗੋਵਾਲ/ਚੀਮਾ, 4 ਮਾਰਚ (ਪੰਜਾਬੀ ਖਬਰਨਾਮਾ):ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਲਈ ਚਲਾਈ ਮੁਹਿੰਮ ਤਹਿਤ ਲੌਂਗੋਵਾਲ ਅਤੇ ਚੀਮਾ ਵਿਖੇ ਕਰੀਬ 1.03 ਕਰੋੜ ਦੀ ਲਾਗਤ ਵਾਲੇ ਦੋ ਅਹਿਮ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੌਂਗੋਵਾਲ ਦੇ ਬਜ਼ਾਰ ਵਿੱਚ ਦੁਕਾਨਦਾਰਾਂ ਦੀ ਇੱਕ ਮੰਗ ਚਿਰਾਂ ਤੋਂ ਲਟਕ ਰਹੀ ਸੀ ਜਿਸ ਨੂੰ ਸਨਮੁੱਖ ਰਖਦਿਆਂ ਇਥੇ ਓਪਨ ਡਰੇਨ ਦਾ ਨਿਰਮਾਣ ਕਰਨ ਲਈ 33.70 ਲੱਖ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ ਨਾਲ ਬਰਸਾਤਾਂ ਦੇ ਦਿਨਾਂ ਦੌਰਾਨ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਮਨ ਅਰੋੜਾ ਨੇ ਕਿਹਾ ਕਿ ਓਪਨ ਡਰੇਨ ਦੁਕਾਨਦਾਰਾਂ ਲਈ ਵੱਡੀ ਸਹੂਲਤ ਬਣੇਗੀ ਕਿਉਂ ਜੋ ਮੀਂਹ ਦੇ ਦਿਨਾਂ ਵਿੱਚ ਏਥੇ ਪਾਣੀ ਦੇ ਜਮ੍ਹਾਂ ਹੋ ਜਾਣ ਕਾਰਨ ਦੁਕਾਨਾਂ ਵਿੱਚ ਮੰਦੀ ਛਾ ਜਾਂਦੀ ਸੀ ਅਤੇ ਖਰੀਦਦਾਰਾਂ ਦਾ ਆਉਣਾ-ਜਾਣਾ ਔਖਾ ਹੋ ਜਾਂਦਾ ਸੀ। ਉਨ੍ਹਾਂ ਕਿਹਾ ਕਿ ਲੌਂਗੋਵਾਲ ਵਿੱਚ ਇਨ੍ਹੀਂ ਦਿਨੀਂ ਕਈ ਹੋਰ ਵਿਕਾਸ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਜਿਨ੍ਹਾਂ ਦੇ ਮੁਕੰਮਲ ਹੋਣ ’ਤੇ ਛੇਤੀ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੋਕ ਆਪ ਵੀ ਨਿਗਰਾਨੀ ਕਰਨ ਅਤੇ ਇਸ ਦੌਰਾਨ ਨਿਰਮਾਣ ਕਾਰਜਾਂ ਵਿੱਚ ਸਮੱਗਰੀ ਦੀ ਵਰਤੋਂ ਪੱਖੋਂ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਲਾਪਰਵਾਹੀ ਜਾਂ ਹੇਰਾਫੇਰੀ ਸਾਹਮਣੇ ਆਉਣ ’ਤੇ ਤੁਰੰਤ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਸਬੰਧਤ ਠੇਕੇਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਪਾਬੰਦ ਰਹਿਣ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੀਮਾ ਵਿਖੇ ਸਥਿਤ ਐਮਐਲਜੀ ਸਕੂਲ ਨੇੜੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਕਰੀਬ 69.83 ਲੱਖ ਦੀ ਲਾਗਤ ਨਾਲ ਬਣਨ ਵਾਲਾ ਇਹ ਪਾਰਕ ਨੇੜਲੇ ਇਲਾਕਿਆਂ ਦੇ ਨਿਵਾਸੀਆਂ ਲਈ ਸੌਗਾਤ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਜਿਮ, ਵਾਕਿੰਗ ਟਰੈਕ, ਬੱਚਿਆਂ ਦੇ ਮਨੋਰੰਜਨ ਲਈ ਝੂਲੇ ਦਾ ਵੀ ਪ੍ਰਬੰਧ ਹੋਵੇਗਾ ਅਤੇ ਇਹ ਪਾਰਕ ਹਰਿਆਵਲ ਭਰਪੂਰ ਹੋਵੇਗਾ ਤੇ ਕੁਦਰਤ ਨਾਲ ਸਾਂਝ ਪੁਆਉਣ ਦੇ ਸਮਰੱਥ ਬਣੇਗਾ।
ਇਸ ਮੌਕੇ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ, ਗੁਰਦੀਪ ਸਿੰਘ ਤਕੀਪੁਰ, ਨਿਰਭੈ ਸਿੰਘ ਬਲਾਕ ਪ੍ਰਧਾਨ, ਦਰਸ਼ਨ ਸਿੰਘ ਗੀਤੀਮਾਨ ਚੇਅਰਮੈਨ ਮਾਰਕੀਟ ਕਮੇਟੀ ਚੀਮਾ, ਬੀਰਬਲ ਸਿੰਘ, ਕੁਲਦੀਪ ਸਿੰਘ ਸਿੱਧੂ, ਲਖਵਿੰਦਰ ਬੰਸਲ, ਰੂਪ ਸਿੰਘ, ਜਗਸੀਰ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ ਤੇ ਮੇਜਰ ਸਿੰਘ, ਈ.ਓ ਬਾਲਕ੍ਰਿਸ਼ਨ, ਪ੍ਰਧਾਨ ਨਗਰ ਕੌਂਸਲ ਪਰਮਿੰਦਰ ਕੌਰ ਬਰਾੜ, ਗੁਰਮੀਤ ਸਿੰਘ ਫੌਜੀ ਐਮ.ਸੀ, ਸੂਬੇ: ਮੇਲਾ ਸਿੰਘ ਐਮਸੀ, ਕਿਸ਼ਨਪਾਲ, ਰਾਜ ਸਿੰਘ ਰਾਜੂ, ਹਰਵਿੰਦਰ ਸਿੰਘ ਢਿੱਲੋਂ, ਕਰਮ ਸਿੰਘ ਬਰਾੜ, ਹਰਦੀਪ ਸਿੱਪੀ, ਸੁਖਪਾਲ ਸਿੰਘ, ਕੇਸਰ ਸਿੰਘ, ਰਣਜੀਤ ਸਿੰਘ ਐਮਸੀ, ਬਲਵਿੰਦਰ ਸਿੰਘ ਐਮਸੀ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਅਤੇ ਚੀਮਾ ਵਿਖੇ 1.03 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ
![](https://punjabikhabarnama.com/wp-content/uploads/2024/03/WhatsApp-Image-2024-03-04-at-5.13.23-PM.jpeg)