7 ਜੂਨ (ਪੰਜਾਬੀ ਖਬਰਨਾਮਾ):ਹਾੜ੍ਹੀ ਦੇ ਖ਼ਤਮ ਹੋਏ ਸੀਜ਼ਨ ਦੌਰਾਨ ਇਸ ਵਾਰ ਕਣਕ ਦੀ ਬੰਪਰ ਪੈਦਾਵਾਰ ਨੇ ਪਿਛਲੇ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੂਬੇ ਭਰ ’ਚ ਪਹਿਲੀ ਅਪ੍ਰੈਲ 2024 ਤੋਂ ਸ਼ੁਰੂ ਹੋਈ ਸਰਕਾਰੀ ਖਰੀਦ ਸੀਜ਼ਨ ਦੇ ਅਖੀਰਲੇ ਦਿਨ (31 ਮਈ 2024) ਤੱਕ ਸੂਬੇ ਭਰ ’ਚ ਕਣਕ ਦੀ ਖਰੀਦ 1,321,12,035 ਮੀਟਿ੍ਰਕ ਟਨ ਹੋਈ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਪਗ 6,35,196.28 ਲੱਖ ਮੀਟਿ੍ਰਕ ਟਨ ਵੱਧ ਹੈ। ਪਿਛਲੇ ਸੀਜ਼ਨ ਦੌਰਾਨ 1,25,73,316.53 ਮੀਟਿ੍ਰਕ ਟਨ ਪੈਦਾਵਾਰ ਹੋਈ ਸੀ। ਇਸ ਸਾਲ ਕਣਕ ਹੇਠ ਰਕਬਾ 35.08 ਲੱਖ ਹੈਕਟੇਅਰ ਸੀ ਜਦੋਂ ਕਿ ਪਿਛਲੇ ਸਾਲ ਰਕਬਾ 35.17 ਲੱਖ ਹੈਕਟੇਅਰ ਸੀ ਅਤੇ ਪਿਛਲੇ ਸਾਲ ਨਾਲੋਂ ਰਕਬਾ ਘੱਟ ਹੋਣ ਦੇ ਬਾਵਜੂਦ ਵੀ ਪੈਦਾਵਾਰ ਵੱਧ ਹੋਈ ਹੈ।
ਇਸ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵਿਚੋਂ ਪਨਗ੍ਰੇਨ ਨੇ ਸਭ ਤੋਂ ਵੱਧ 39,95,131 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਦੋਂਕਿ ਐੱਫਸੀਆਈ ਨੇ ਸਭ ਤੋਂ ਘੱਟ 3,27,867 ਮੀਟਿ੍ਰਕ ਟਨ ਕਣਕ ਖਰੀਦੀ ਜੋ ਕਿ ਪ੍ਰਾਈਵੇਟ ਖਰੀਦ ਨਾਲੋਂ ਵੀ ਘੱਟ ਹੈ। ਕਣਕ ਦੀ ਪੈਦਾਵਾਰ ’ਚ ਇਸ ਸਾਲ ਵੀ ਸੰਗਰੂਰ ਜ਼ਿਲ੍ਹਾ ਸੂਬੇ ਭਰ ’ਚ ਸਭ ਤੋਂ ਮੋਹਰੀ ਰਿਹਾ, ਜਿੱਥੇ 12,40,685 ਟਨ ਕਣਕ ਦੀ ਪੈਦਾਵਾਰ ਹੋਈ।
ਜਾਣਕਾਰੀ ਅਨੁਸਾਰ ਮੌਸਮ ਦੇ ਅਨੁਕੂਲ ਰਹਿਣ ਕਾਰਨ ਕਣਕ ਦਾ ਝਾੜ ਪਿਛਲੇ ਸਾਲ ਨਾਲੋਂ 2 ਤੋਂ 5 ਕਵਿੰਟਲ ਤੱਕ ਪ੍ਰਤੀ ਏਕੜ ਵੱਧ ਨਿਕਲਿਆ ਹੈ ਜਿਸ ਨਾਲ ਕਿਸਾਨ ਵੀ ਬਾਗੋ-ਬਾਗ ਹਨ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਔਸਤ ਝਾੜ 22 ਕਵਿੰਟਲ ਨਿਕਲਿਆ ਹੈ ਜੋ ਕਿ ਪਿਛਲੇ ਸਾਲ 19 ਕਵਿੰਟਲ ਪ੍ਰਤੀ ਏਕੜ ਸੀ, ਨਾਲੋਂ 3 ਕਵਿੰਟਲ ਵੱਧ ਹੈ ਪਰ ਆਮ ਕਿਸਾਨਾਂ ਦਾ ਕਹਿਣਾ ਸੀ ਕਿ ਝਾੜ 3 ਤੋਂ 5 ਕਵਿੰਟਲ ਤੱਕ ਵੱਧ ਨਿਕਲਿਆ ਹੈ।