ਨਵੀਂ ਦਿੱਲੀ/13 ਅਪ੍ਰੈਲ( ਪੰਜਾਬੀ ਖਬਰਨਾਮਾ) : ਕੇਂਦਰ ਸਰਕਾਰ ਨੇ ਈ-ਕਾਮਰਸ ਕੰਪਨੀਆਂ ਨੂੰ ਬੋਰਨਵੀਟਾ ਨੂੰ ਹੈਲਦੀ ਡਰਿੰਕ ਸ਼੍ਰੇਣੀ ਤੋਂ ਹਟਾਉਣ ਲਈ ਕਿਹਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਸਾਰੀਆਂ ਈ-ਕਾਮਰਸ ਵੈੱਬਸਾਈਟਾਂ ਨੂੰ ਆਪਣੇ ਪਲੇਟਫਾਰਮ ’ਤੇ ਬੋਰਨਵੀਟਾ ਸਮੇਤ ਸਾਰੇ ਪੀਣ ਵਾਲੇ ਪਦਾਰਥਾਂ ਨੂੰ ਹੈਲਦੀ ਡਰਿੰਕ ਸ਼੍ਰੇਣੀ ਤੋਂ ਬਾਹਰ ਰੱਖਣ ਲਈ ਕਿਹਾ ਗਿਆ ਹੈ।
ਮੰਤਰਾਲੇ ਨੇ ਨੋਟੀਫਿਕੇਸ਼ਨ ਵਿੱਚ ਕਿਹਾ, ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ, ਬਾਲ ਅਧਿਕਾਰ ਸੁਰੱਖਿਆ (ਐੱਨਸੀਪੀਸੀਆਰ) ਐਕਟ, 2005 ਦੀ ਧਾਰਾ (3) ਦੇ ਤਹਿਤ ਗਠਿਤ ਇੱਕ ਸੰਸਥਾ ਨੇ ਜਾਂਚ ਕੀਤੀ। ਇਸ ਜਾਂਚ ਵਿੱਚ ਪਾਇਆ ਗਿਆ ਕਿ ਇਹ ਹੈਲਦੀ ਡਰਿੰਕ ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦਾ। ਦੱਸਣਾ ਬਣਦਾ ਹੈ ਕਿ ਸਿਹਤਮੰਦ ਡਰਿੰਕ ਨੂੰ ਫੂਡ ਸੇਫਟੀ ਸਿਸਟਮ (ਐਨਸੀਪੀਸੀਆਰ) ਐਕਟ 2006 ਦੇ ਤਹਿਤ ਪਰਿਭਾਸ਼ਿਤ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਈ-ਕਾਮਰਸ ਕੰਪਨੀਆਂ/ਪੋਰਟਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਸਾਈਟਾਂ/ਪਲੇਟਫਾਰਮ ਤੋਂ ’ਹੈਲਥੀ ਡਰਿੰਕਸ’ ਦੀ ਸ਼੍ਰੇਣੀ ਵਿੱਚੋਂ ਬੋਰਨਵੀਟਾ ਸਮੇਤ ਪੀਣ ਵਾਲੇ ਪਦਾਰਥਾਂ ਨੂੰ ਹਟਾ ਦੇਣ।
ਇਸ ਮਹੀਨੇ ਦੀ ਸ਼ੁਰੂਆਤ ’ਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫਐਸਐਸਏਆਈ) ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਡੇਅਰੀ-ਅਧਾਰਤ, ਅਨਾਜ-ਅਧਾਰਿਤ ਜਾਂ ਮਾਲਟ-ਅਧਾਰਿਤ ਪੀਣ ਵਾਲੇ ਪਦਾਰਥਾਂ ਨੂੰ ‘ਸਿਹਤਮੰਦ ਡਰਿੰਕਸ’ ਜਾਂ ‘ਐਨਰਜੀ ਡ੍ਰਿੰਕਸ’ ਵਜੋਂ ਲੇਬਲ ਨਾ ਕਰਨ। ਅਜਿਹਾ ਇਸ ਲਈ ਹੈ, ਕਿਉਂਕਿ ਦੇਸ਼ ਦੇ ਭੋਜਨ ਕਾਨੂੰਨਾਂ ਵਿੱਚ ’ਸਿਹਤਮੰਦ ਡਰਿੰਕ’ ਸ਼ਬਦ ਦੀ ਪਰਿਭਾਸ਼ਾ ਨਹੀਂ ਹੈ ।
