ਨਵੀਂ ਦਿੱਲੀ,13 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) : (RBI Bomb Threat) ਦਿੱਲੀ ਦੇ ਸਕੂਲਾਂ ਨੂੰ ਮਿਲੀ ਧਮਕੀ ਤੋਂ ਬਾਅਦ ਹੁਣ ਭਾਰਤੀ ਰਿਜ਼ਰਵ ਬੈਂਕ (RBI) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਤੋਂ ਬਾਅਦ ਤਰਥੱਲੀ ਮਚ ਗਈ ਹੈ। RBI ਦੀ ਅਧਿਕਾਰਤ ਵੈੱਬਸਾਈਟ ‘ਤੇ ਇਕ ਈਮੇਲ ਮਿਲੀ ਹੈ, ਜਿਸ ‘ਚ ਰੂਸੀ ਭਾਸ਼ਾ ‘ਚ ਧਮਕੀ ਦਿੱਤੀ ਗਈ ਹੈ।
RBI ਨੂੰ ਧਮਕੀ, ਪੁਲਿਸ ਜਾਂਚ ‘ਚ ਜੁਟੀ
ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਆਰਬੀਆਈ ਨੂੰ ਬੰਬ ਨਾਲ ਉਡਾ ਦੇਣਗੇ। ਮੁੰਬਈ ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮਾਤਾ ਰਮਾਬਾਈ ਮਾਰਗ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਨਵੰਬਰ ਵਿਚ ਵੀ ਮਿਲੀ ਸੀ ਧਮਕੀ
ਆਰਬੀਆਈ ਨੂੰ ਪਹਿਲਾਂ ਵੀ ਬੰਬ ਦੀ ਧਮਕੀ ਮਿਲੀ ਸੀ। ਇਸ ਸਾਲ ਨਵੰਬਰ ਵਿੱਚ ਹੀ ਆਰਬੀਆਈ ਦੇ ਕਸਟਮਰ ਕੇਅਰ ਵਿਭਾਗ ਨੂੰ ਧਮਕੀ ਭਰੀ ਕਾਲ ਆਈ ਸੀ। ਸਵੇਰੇ 10 ਵਜੇ ਦੇ ਕਰੀਬ ਕਾਲ ਆਈ ਅਤੇ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਲਸ਼ਕਰ-ਏ-ਤੋਇਬਾ ਦਾ ਸੀ.ਈ.ਓ. ਬੋਲ ਰਿਹਾ ਹੈ।
ਦਿੱਲੀ ਦੇ 6 ਸਕੂਲਾਂ ਨੂੰ ਵੀ ਧਮਕੀਆਂ ਮਿਲੀਆਂ
ਇਸ ਤੋਂ ਪਹਿਲਾਂ ਅੱਜ ਦਿੱਲੀ ਦੇ 6 ਨਾਮੀ ਸਕੂਲਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਸੀ। ਸਕੂਲਾਂ ਨੂੰ ਈਮੇਲ ਰਾਹੀਂ ਇਹ ਧਮਕੀ ਮਿਲੀ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਅਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਦਿੱਲੀ ਪੁਲਿਸ ਨੇ ਕਿਹਾ ਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ।
ਜ਼ਿਕਰਯੋਗ ਕਿ ਦਿੱਲੀ ਦੇ ਈਸਟ ਆਫ ਕੈਲਾਸ਼ ਡੀਪੀਐਸ, ਸਲਵਾਨ ਸਕੂਲ, ਮਾਡਰਨ ਸਕੂਲ ਅਤੇ ਕੈਂਬਰਿਜ ਸਕੂਲ ਨੂੰ ਈ-ਮੇਲ ਰਾਹੀਂ ਧਮਕੀਆਂ ਮਿਲੀਆਂ ਹਨ। ਪੁਲਿਸ ਨੇ ਚਾਰੋਂ ਸਕੂਲਾਂ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਖੇਪ
ਦਿੱਲੀ ਦੇ ਸਕੂਲਾਂ ਤੋਂ ਬਾਅਦ, ਰਿਜ਼ਰਵ ਬੈਂਕ ਆਫ ਇੰਡੀਅਾ (RBI) ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਰੂਸੀ ਭਾਸ਼ਾ ਵਿੱਚ ਭੇਜੀ ਗਈ ਈਮੇਲ ਰਾਹੀਂ ਪ੍ਰਾਪਤ ਹੋਈ।