16 अक्टूबर 2024 : Bomb Threat: ਏਅਰ ਇੰਡੀਆ ਦੀ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਜਾਣ ਵਾਲੀ ਉਡਾਣ ਨੂੰ ਬੀਤੇ ਦਿਨ ਕੈਨੇਡਾ ਦੇ ਇਕਾਲੁਇਟ ਹਵਾਈ ਅੱਡੇ ਵੱਲ ਮੋੜੇ ਜਾਣ ਦੇ 18 ਘੰਟਿਆਂ ਤੋਂ ਵੱਧ ਸਮੇਂ ਬਾਅਦ ਇਸ ਦੇ ਫਸੇ ਹੋਏ 191 ਯਾਤਰੀਆਂ ਨੂੰ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਰਾਹੀਂ ਸ਼ਿਕਾਗੋ ਵੱਲ ਰਿਵਾਨਾ ਕਰ ਦਿੱਤਾ ਗਿਆ ਹੈ। ਜਹਾਜ਼ ਵਿੱਚ ਚਾਲਕ ਦਲ ਦੇ 20 ਮੈਂਬਰਾਂ ਸਮੇਤ ਕੁੱਲ 211 ਲੋਕ ਸਵਾਰ ਸਨ।
ਬੁੱਧਵਾਰ ਨੂੰ ਇੱਕ ਬਿਆਨ ਵਿੱਚ ਏਅਰ ਇੰਡੀਆ ਨੇ ਕਿਹਾ ਸੀ ਕਿ ਫਲਾਈਟ AI127 ਦੇ ਯਾਤਰੀ ਜਿਸ ਨੂੰ 15 ਅਕਤੂਬਰ ਨੂੰ ਕੈਨੇਡਾ ਵਿੱਚ ਇਕਾਲੁਇਟ ਵੱਲ ਮੋੜਿਆ ਗਿਆ ਸੀ, ਆਪਣੀ ਮੰਜ਼ਿਲ ਸ਼ਿਕਾਗੋ ਵੱਲ ਜਾ ਰਹੇ ਹਨ। ਏਅਰ ਇੰਡੀਆ ਨੇ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਇਕ ਪੋਸਟ ਵੀ ਪਾਈ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਤੋਂ ਸ਼ਿਕਾਗੋ ਜਾ ਰਹੇ ਏਅਰ ਇੰਡੀਆ ਦੇ ਬੋਇੰਗ 777-300 ਈਆਰ ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕੈਨੇਡੀਅਨ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਨੇ ਕਿਹਾ ਸੀ ਕਿ ਫਲਾਈਟ ਨੇ ਕੈਨੇਡੀਅਨ ਸੂਬੇ ਨੂਨਾਵਤ ਦੇ ਇਕਾਲੁਇਟ ਵਿਖੇ ਐਮਰਜੈਂਸੀ ਲੈਂਡਿੰਗ ਕੀਤੀ ਅਤੇ ਚਾਲਕ ਦਲ ਸਮੇਤ ਸਾਰੇ 211 ਲੋਕ ਜਹਾਜ਼ ਤੋਂ ਉਤਰ ਗਏ। ਧਿਆਨਯੋਗ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਘੱਟੋ-ਘੱਟ 10 ਭਾਰਤੀ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਸਬੰਧਤ ਜਹਾਜ਼ਾਂ ਵਿੱਚ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ।