ਚੰਡੀਗੜ੍ਹ, 3 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਵਿਆਹ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦੇ ਸਭ ਤੋਂ ਖ਼ੂਬਸੂਰਤ ਪਲਾਂ ਵਿੱਚੋਂ ਇਕ ਹੁੰਦਾ ਹੈ। ਇਸ ਲਿਹਾਜ਼ ਨਾਲ ਲੰਘਿਆ ਸਾਲ ਯਾਨੀ 2024 ਕਈ ਮਸ਼ਹੂਰ ਹਸਤੀਆਂ ਲਈ ਬਹੁਤ ਖ਼ਾਸ ਰਿਹਾ। ਅਸੀਂ ਕੁਝ ਅਜਿਹੇ ਜੋੜਿਆਂ ਦੇ ਵਿਆਹ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਤੇ ਫੰਕਸ਼ਨਾਂ ਨੇ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ। ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ, ਆਦਿਤੀ ਰਾਓ ਹੈਦਰੀ-ਸਿਧਾਰਥ ਸਮੇਤ ਕਈ ਹੋਰ ਸਿਤਾਰਿਆਂ ਦੇ ਵਿਆਹ ਟੀਵੀ ਤੋਂ ਲੈ ਕੇ ਸੋਸ਼ਲ ਮੀਡੀਆ ’ਤੇ ਕਾਫ਼ੀ ਸਮੇਂ ਤੱਕ ਚਰਚਾ ਦਾ ਵਿਸ਼ਾ ਬਣੇ ਰਹੇ।
ਸੁਰਭੀ ਜੋਤੀ ਤੇ ਸੁਮਿਤ ਸੂਰੀ
ਮਸ਼ਹੂਰ ਟੀਵੀ ਅਦਾਕਾਰਾ ਸੁਰਭੀ ਜੋਤੀ ਨੇ 27 ਅਕਤੂਬਰ ਨੂੰ ਆਪਣੇ ਬੁਆਏਫਰੈਂਡ ਸੁਮਿਤ ਸੂਰੀ ਨਾਲ ਵਿਆਹ ਕਰਵਾਇਆ। ਦੋਵੇਂ ਇਕ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਇਕ-ਦੂਜੇ ਨੂੰ ਮਿਲੇ ਸਨ। ਸੁਰਭੀ ਤੇ ਸੁਮਿਤ ਦਾ ਵਿਆਹ ਜਿਮ ਕਾਰਬੇਟ ਵਿਚ ਹੋਇਆ। ਸੁਮਿਤ ਸੂਰੀ ਨਾ ਸਿਰਫ਼ ਇਕ ਅਦਾਕਾਰ ਹੈ ਸਗੋਂ ਸਫਲ ਨਿਰਮਾਤਾ ਵੀ ਹੈ। ਉਸ ਨੇ ਹਿੰਦੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਉਸ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਸਨ।
ਹਿਮਾਂਸ਼ ਕੋਹਲੀ ਤੇ ਵਿਨੀ ਕੋਹਲੀ
‘ਯਾਰੀਆਂ’ ਅਦਾਕਾਰ ਹਿਮਾਂਸ਼ ਕੋਹਲੀ ਨੇ 12 ਨਵੰਬਰ ਨੂੰ ਵਿੰਨੀ ਕੋਹਲੀ ਨਾਲ ਵਿਆਹ ਕੀਤਾ। ਵਿੰਨੀ ਫਿਲਮੀ ਦੁਨੀਆ ਨਾਲ ਸਬੰਧਿਤ ਨਹੀਂ ਪਰ ਉਸ ਦੀ ਸਾਦਗੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦਾ ਦਿੱਲੀ ਦੇ ਇਸਕਾਨ ਮੰਦਰ ’ਚ ਬਿਨਾਂ ਕਿਸੇ ਧੂਮਧਾਮ ਦੇ ਵਿਆਹ ਹੋਇਆ ਸੀ।
ਕੀਰਤੀ ਸੁਰੇਸ਼ ਤੇ ਐਂਥਨੀ ਥਟਿਲ
‘ਬੇਬੀ ਜਾਨ’ ਨਾਲ ਬਾਲੀਵੁੱਡ ’ਚ ਡੈਬਿਊ ਕਰ ਚੁੱਕੀ ਕੀਰਤੀ ਸੁਰੇਸ਼ ਨੇ ਆਪਣੀ ਜ਼ਿੰਦਗੀ ਵਿਚ ਨਵਾਂ ਸਫ਼ਰ ਸ਼ੁਰੂ ਕਰ ਦਿੱਤਾ ਹੈ। ਉਹ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਐਂਥਨੀ ਥਟਿਲ ਦੀ ਪਤਨੀ ਬਣ ਗਈ ਹੈ। ਕੀਰਤੀ ਸੁਰੇਸ਼ ਨੇ 12 ਦਸੰਬਰ ਨੂੰ ਗੋਆ ਵਿਚ ਐਂਥਨੀ ਥਟਿਲ ਨਾਲ ਵਿਆਹ ਕੀਤਾ ਸੀ।
ਸੁਰਭੀ ਚੰਦਨਾ ਤੇ ਕਰਨ ਸ਼ਰਮਾ
13 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਮਗਰੋਂ ਸੁਰਭੀ ਚੰਦਨਾ ਨੇ ਆਪਣੇ ਬੁਆਏਫਰੈਂਡ ਕਰਨ ਸ਼ਰਮਾ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ। ਦੋਵਾਂ ਨੇ ਜੈਪੁਰ ’ਚ ਸੱਤ ਫੇਰੇ ਲਏ। ‘ਨਾਗਿਨ’ ਤੇ ‘ਇਸ਼ਕਬਾਜ਼’ ਵਰਗੇ ਸੀਰੀਅਲਾਂ ਵਿਚ ਕੰਮ ਕਰ ਚੁੱਕੀ ਸੁਰਭੀ ਚੰਦਨਾ ਮਸ਼ਹੂਰ ਟੀਵੀ ਅਦਾਕਾਰਾ ਹੈ ਤੇ ਕਰਨ ਸ਼ਰਮਾ ਇਕ ਸਫਲ ਕਾਰੋਬਾਰੀ ਹੈ।
ਨਾਗਾ ਚੇਤੰਨਿਆ ਤੇ ਸ਼ੋਭਿਤਾ ਧੂਲੀਪਾਲਾ
ਤੇਲਗੂ ਫਿਲਮ ਇੰਡਸਟਰੀ ਦੇ ਸੁਪਰ ਸਟਾਰ ਨਾਗਾਰਜੁਨ ਦੇ ਵੱਡੇ ਪੁੱਤਰ ਨਾਗਾ ਚੇਤੰਨਿਆ ਤੇ ਸ਼ੋਭਿਤਾ ਧੂਲੀਪਾਲਾ ਨੇ 4 ਦਸੰਬਰ ਨੂੰ ਰਵਾਇਤੀ ਤੇਲਗੂ ਸਟਾਈਲ ਨਾਲ ਇਕ-ਦੂਜੇ ਨਾਲ ਵਿਆਹ ਕੀਤਾ। ਵਿਆਹ ਹੈਦਰਾਬਾਦ ਦੇ ਅਕੀਨੇਨੀ ਪਰਿਵਾਰ ਦੇ ਅੰਨਪੂਰਨਾ ਸਟੂਡੀਓ ‘ਚ ਕਰੀਬੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ’ਚ ਹੋਇਆ। ਸ਼ੋਭਿਤਾ ਧੂਲੀਪਾਲਾ ਤੋਂ ਪਹਿਲਾਂ ਨਾਗਾ ਚੇਤੰਨਿਆ ਦਾ ਵਿਆਹ ਸਮੰਥਾ ਰੂਥ ਪ੍ਰਭੂ ਨਾਲ ਹੋਇਆ ਸੀ। ਸਾਲ 2017 ਵਿਚ ਦੋਹਾਂ ਦਾ ਵਿਆਹ ਹੋਇਆ ਸੀ ਪਰ ਚਾਰ ਸਾਲ ਬਾਅਦ ਹੀ ਤਲਾਕ ਹੋ ਗਿਆ। ਹਾਲਾਂਕਿ ਹੁਣ ਨਾਗਾ ਦੂਜੀ ਵਾਰ ਵਿਆਹ ਕਰ ਕੇ ਆਪਣੀ ਜ਼ਿੰਦਗੀ ’ਚ ਅੱਗੇ ਵਧ ਰਿਹਾ ਹੈ।
ਸਿਧਾਰਥ ਤੇ ਅਦਿਤੀ ਰਾਓ ਹੈਦਰੀ
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਦਿਤੀ ਰਾਓ ਹੈਦਰੀ ਤੇ ਸਾਊਥ ਦੇ ਮਸ਼ਹੂਰ ਅਦਾਕਾਰ ਸਿਧਾਰਥ ਨੇ 16 ਸਤੰਬਰ ਨੂੰ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਫੈਨਜ਼ ਨੇ ਇਸ ਜੋੜੀ ਨੂੰ ਬਹੁਤ ਪਸੰਦ ਕੀਤਾ। ਅਦਿਤੀ ਤੇ ਸਿਧਾਰਥ ਦੀ ਪਹਿਲੀ ਵਾਰ ਮੁਲਾਕਾਤ ਸਾਲ 2021 ਵਿਚ ਤੇਲਗੂ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ। ਉਨ੍ਹਾਂ ਦੀ ਡੇਟਿੰਗ ਦੀਆਂ ਖ਼ਬਰਾਂ ਸਾਲ 2023 ਵਿਚ ਆਉਣੀਆਂ ਸ਼ੁਰੂ ਹੋਈਆਂ। ਦੋਵਾਂ ਦੀ ਉਮਰ ਵਿਚ ਸੱਤ ਸਾਲ ਦਾ ਫ਼ਰਕ ਹੈ। ਸਿਧਾਰਥ ਤੇ ਅਦਿਤੀ ਦੀ ਮੰਗਣੀ ਇਸ ਸਾਲ ਮਾਰਚ ’ਚ ਹੋਈ ਸੀ। ਦੋਵਾਂ ਸਿਤਾਰਿਆਂ ਨੇ ਤੇਲੰਗਾਨਾ ਦੇ 400 ਸਾਲ ਪੁਰਾਣੇ ਮੰਦਰ ਵਿਚ ਵਿਆਹ ਕਰਵਾਇਆ ਸੀ।
ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ
ਸ਼ਤਰੂਘਨ ਸਿਨਹਾ ਦੀ ਬੇਟੀ ਤੇ ਮਸ਼ਹੂਰ ਫਿਲਮ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 23 ਜੂਨ 2024 ਨੂੰ ਅਦਾਕਾਰ ਤੇ ਕਾਰੋਬਾਰੀ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ ਸੀ। ਸਭ ਤੋਂ ਪਹਿਲਾਂ ਦੋਵਾਂ ਨੇ ਆਪਣੇ ਘਰ ’ਚ ਰਜਿਸਟਰਡ ਵਿਆਹ ਕਰਵਾਇਆ ਤੇ ਫਿਰ ਵਿਆਹ ਤੋਂ ਬਾਅਦ ਉਸੇ ਰਾਤ ਮੁੰਬਈ ਵਿਚ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ। ਜੋੜੇ ਦੀ ਇਹ ਲਵ ਮੈਰਿਜ ਸੀ। ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦੀ ਪਹਿਲੀ ਮੁਲਾਕਾਤ ਸਲਮਾਨ ਖ਼ਾਨ ਦੀ ਪਾਰਟੀ ’ਚ ਹੋਈ ਸੀ। ਇਸ ਪਿੱਛੋਂ ਦੋਵੇਂ ਚੰਗੇ ਦੋਸਤ ਬਣ ਗਏ। ਸੋਨਾਕਸ਼ੀ ਤੇ ਜ਼ਹੀਰ ਛੇਤੀ ਹੀ ਇਕ ਦੂਜੇ ਦੇ ਪਿਆਰ ਵਿਚ ਪੈ ਗਏ। ਦੋਵਾਂ ਦੀ ਕੈਮਿਸਟਰੀ ਤੇ ਪਿਆਰ ਉਨ੍ਹਾਂ ਦੇ ਚਿਹਰਿਆਂ ’ਤੇ ਸਾਫ਼ ਨਜ਼ਰ ਆਉਂਦਾ ਹੈ, ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਸੀ ਪਰ ਉਨ੍ਹਾਂ ਨੂੰ ਅਕਸਰ ਬੀ-ਟਾਊਨ ਪਾਰਟੀਆਂ ’ਚ ਇਕੱਠਿਆਂ ਦੇਖਿਆ ਜਾਂਦਾ ਸੀ।
ਇਰਾ ਖ਼ਾਨ ਤੇ ਨੂਪੁਰ ਸ਼ਿਖਰੇ
ਆਮਿਰ ਖ਼ਾਨ ਦੀ ਬੇਟੀ ਇਰਾ ਖ਼ਾਨ ਨੇ 3 ਜਨਵਰੀ ਨੂੰ ਫਿਟਨੈੱਸ ਕੋਚ ਨੂਪੁਰ ਸ਼ਿਖਰੇ ਨਾਲ ਵਿਆਹ ਕੀਤਾ। ਇਸ ਤੋਂ ਬਾਅਦ ਦੋਵਾਂ ਨੇ 10 ਜਨਵਰੀ ਨੂੰ ਪੂਰੇ ਪਰਿਵਾਰ ਨਾਲ ਉਦੈਪੁਰ ਵਿਚ ਇਕ ਡੈਸਟੀਨੇਸ਼ਨ ਵੈਡਿੰਗ ਕਰ ਕੇ ਇਕ ਵਾਰ ਫਿਰ ਆਪਣੇ ਵਿਆਹ ਦਾ ਜਸ਼ਨ ਮਨਾਇਆ। ਨੂਪੁਰ ਮਰਾਠੀ ਹੈ ਤੇ ਇਰਾ ਮੁਸਲਮਾਨ ਪਰ ਦੋਵਾਂ ਨੇ ਈਸਾਈ ਰੀਤੀ-ਰਿਵਾਜ਼ ਨਾਲ ਵਿਆਹ ਕੀਤਾ।
ਕ੍ਰਿਤੀ ਖਰਬੰਦਾ ਤੇ ਪੁਲਕਿਤ ਸਮਰਾਟ
ਪੁਲਕਿਤ ਸਮਰਾਟ ਤੇ ਕ੍ਰਿਤੀ ਖਰਬੰਦਾ ਬੀ-ਟਾਊਨ ਦੇ ਪਾਵਰ ਕਪਲਜ਼ ’ਚ ਗਿਣੇ ਜਾਂਦੇ ਹਨ। ਕ੍ਰਿਤੀ ਤੇ ਪੁਲਕਿਤ ਨੇ ਪੰਜ ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ। ਪੁਲਕਿਤ ਤੇ ਕ੍ਰਿਤੀ ਨੇ ਮਾਨੇਸਰ ’ਚ 15 ਮਾਰਚ ਨੂੰ ਵਿਆਹ ਕੀਤਾ ਸੀ। ਉਨ੍ਹਾਂ ਦੀ ਲਵ ਸਟੋਰੀ ਫਿਲਮ ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਈ ਸੀ। ਪਹਿਲੀ ਮੁਲਾਕਾਤ ਸਾਲ 2019 ’ਚ ਰਿਲੀਜ਼ ਹੋਈ ਫਿਲਮ ‘ਪਾਗਲਪੰਤੀ’ ਦੇ ਸੈੱਟ ਉੱਤੇ ਹੋਈ ਸੀ ਤੇ ਹੌਲੀ-ਹੌਲੀ ਦੋਵੇਂ ਦੋਸਤ ਬਣੇ। ਇਹ ਦੋਸਤੀ ਛੇਤੀ ਹੀ ਪਿਆਰ ਵਿਚ ਬਦਲ ਗਈ। ਉਨ੍ਹਾਂ ਜਨਵਰੀ ’ਚ ਹੀ ਮੰਗਣੀ ਕੀਤੀ ਸੀ। •
ਹੋਰ ਜੋੜੀਆਂ
ਪਿਛਲੇ ਸਾਲ 18 ਫਰਵਰੀ ਨੂੰ ‘ਦੇਵੋਂ ਕੇ ਦੇਵ ਮਹਾਦੇਵ’ ਫੇਮ ਅਦਾਕਾਰਾ ਸੋਨਾਰਿਕਾ ਭਦੌਰੀਆ ਨੇ ਆਪਣੇ ਬੁਆਏਫਰੈਂਡ ਵਿਕਾਸ ਪਰਾਸ਼ਰ ਨਾਲ ਸੱਤ ਫੇਰੇ ਲਏ। ਇਸ ਜੋੜੇ ਨੇ ਆਪਣੇ ਵਿਆਹ ਲਈ ਰਾਜਸਥਾਨ ਨੂੰ ਚੁਣਿਆ। ਅਦਾਕਾਰਾ ਵਿਕਾਸ ਨੂੰ
8 ਸਾਲਾਂ ਤੋਂ ਡੇਟ ਕਰ ਰਹੀ ਸੀ। ਵਿਕਾਸ ਇਕ ਕਾਰੋਬਾਰੀ ਹੈ ਤੇ ਉਸ ਨੇ ਹੀ ਸੋਨਾਰਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।
ਟੀਵੀ ਅਦਾਕਾਰਾ ਦਿਵਿਆ ਅਗਰਵਾਲ ਨੇ ਸਾਲ ਦੀ ਸ਼ੁਰੂਆਤ ਵਿਚ ਯਾਨੀ 20 ਫਰਵਰੀ ਨੂੰ ਕਾਰੋਬਾਰੀ ਅਪੂਰਵਾ ਨਾਲ ਵਿਆਹ ਕੀਤਾ ਸੀ।
ਨੇਹਾ ਲਕਸ਼ਮੀ ਅਈਅਰ ਤੇ ਰੁਦਰਯਸ਼ ਜੋਸ਼ੀ ਦਾ ਵਿਆਹ ਦੋ ਰੀਤੀ-ਰਿਵਾਜਾਂ ਨਾਲ ਹੋਇਆ। ਪਹਿਲਾ ਮਰਾਠੀ ਤੇ ਦੂਜਾ ਸਾਊਥ। ਨੇਹਾ ਲਕਸ਼ਮੀ ਅਈਅਰ ‘ਇਸ਼ਕਬਾਜ਼’ ਫੇਮ ਅਦਾਕਾਰਾ ਹੈ। ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ।
ਟੀਵੀ ਅਦਾਕਾਰਾ ਤੇ ਬਿੱਗ ਬੌਸ ਫੇਮ ਆਰਤੀ ਸਿੰਘ ਦਾ ਵੀ ਸਾਲ 2024 ’ਚ ਵਿਆਹ ਹੋਇਆ। ਉਸ ਨੇ 25 ਅਪ੍ਰੈਲ ਨੂੰ ਜੁਹੂ ਦੇ ਇਸਕਾਨ ਮੰਦਰ ਵਿਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕਾਰੋਬਾਰੀ ਦੀਪਕ ਚੌਹਾਨ ਨਾਲ ਵਿਆਹ ਕੀਤਾ। ਆਰਤੀ ਸਿੰਘ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰਾ ਗੋਵਿੰਦਾ ਦੀ ਭਾਣਜੀ ਹੈ।