26 ਸਤੰਬਰ 2024 : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਅੱਜ ਭਾਜਪਾ ’ਤੇ ਦਿੱਲੀ ’ਚ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਹੈੱਡਕੁਆਰਟਰ ਨੇੜੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਬੁੱਤ ਹਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ, ਸ਼ਹੀਦਾਂ ਅਤੇ ਦੇਸ਼ ਦਾ ਅਪਮਾਨ ਕਰਨਾ ਭਾਜਪਾ ਦੀ ਰਵਾਇਤ ਹੈ। ਇਸੇ ਆਦਤ ਨੂੰ ਬਰਕਰਾਰ ਰੱਖਦਿਆਂ ਭਾਜਪਾ ਝਾਂਸੀ ਦੀ ਰਾਣੀ ਦਾ ਬੁੱਤ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਦੇ ਪੁਰਖਿਆਂ ਨੇ ਵੀ ਆਜ਼ਾਦੀ ਘੁਲਾਟੀਆਂ ਦੀ ਜਾਸੂਸੀ ਕੀਤੀ ਸੀ। ਉਨ੍ਹਾਂ ਕਿਹਾ, ‘ਆਰਐੱਸਐੱਸ ਨੇ 53 ਸਾਲਾਂ ਤੱਕ ਆਪਣੇ ਹੈੱਡਕੁਆਰਟਰ ’ਤੇ ਤਿਰੰਗਾ ਨਾ ਲਹਿਰਾ ਕੇ ਦੇਸ਼ ਨਾਲ ਧੋਖਾ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ, ਡਾ. ਅੰਬੇਡਕਰ ਅਤੇ ਸ਼ਿਵਾਜੀ ਮਹਾਰਾਜ ਦੇ ਬੁੱਤ ਸੰਸਦ ’ਚੋਂ ਹਟਾ ਕੇ ਉਨ੍ਹਾਂ ਦਾ ਅਪਮਾਨ ਕੀਤਾ।’