26 ਸਤੰਬਰ 2024 : ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਵਿੱਚ ਕਦੇ ਵੀ ਭਾਜਪਾ ਦੀ ਸਰਕਾਰ ਨਹੀਂ ਬਣੇਗੀ ਅਤੇ ਕੋਈ ਵੀ ‘ਧਰਮ ਨਿਰਪੱਖ ਸਰਕਾਰ’ ਉਨ੍ਹਾਂ ਦੀ ਪਾਰਟੀ ਦੀ ਹਮਾਇਤ ਬਿਨਾਂ ਨਹੀਂ ਬਣ ਸਕਦੀ। ਮੁਫ਼ਤੀ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਜੰਮੂ ਕਸ਼ਮੀਰ ਵਿੱਚ ਕਿਸੇ ਵੀ ‘ਧਰਮ ਨਿਰਪੱਖ ਸਰਕਾਰ’ ਦੇ ਗਠਨ ਦੀ ਹਮਾਇਤ ਦੀ ਇੱਛਾ ਜਤਾਈ। ਮਹਿਬੂਬਾ ਮੁਫ਼ਤੀ ਇੱਕ ਚੋਣ ਰੈਲੀ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਸਰਕਾਰ ਬਣਾਉਣ ਲਈ ਨੈਸ਼ਨਲ ਕਾਨਫਰੰਸ ਨਾਲ ਹੱਥ ਮਿਲਾਉਣ ਸਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ, ‘ਸਾਡਾ ਟੀਚਾ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ। ਪੀਡੀਪੀ ਜੰਮੂ ਕਸ਼ਮੀਰ ਵਿੱਚ ਕੋਈ ਵੀ ਧਰਮ ਨਿਰਪੱਖ ਸਰਕਾਰ ਬਣਾਏ ਜਾਣ ਦਾ ਸਮਰਥਨ ਕਰੇਗੀ।’ ਮੁਫ਼ਤੀ ਨੇ ਬਿਸਨਾਹ, ਆਰਐੱਸਪੁਰਾ ਅਤੇ ਜੰਮੂ ਵਿੱਚ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ