ਚੰਡੀਗੜ੍ਹ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਭਾਜਪਾ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨਾ ਚਾਹੀਦਾ ਹੈ। ਹਾਲਾਂਕਿ ਕੈਪਟਨ ਨੇ ਸਪਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ਦੇ ਅਕਾਲੀ ਦਲ ਨਾਲ ਸਮਝੌਤਾ ਹੋਣ ਬਾਰੇ ਕੋਈ ਖ਼ਬਰ ਨਹੀਂ ਹੈ ਪਰ ਜੇਕਰ ਪਾਰਟੀ ਹਾਈ ਕਮਾਨ ਉਨ੍ਹਾਂ ਨੂੰ ਪੁੱਛੇਗੀ ਤਾਂ ਉਹ ਜ਼ਰੂਰ ਸਮਝੌਤਾ ਕਰਨ ਦਾ ਸੁਝਾਅ ਦੇਣਗੇ। ਕੈਪਟਨ ਨੇ ਕਿਹਾ ਕਿ ਅਤੀਤ ਵਿਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਇਹ ਸਮਝੌਤਾ ਕੀਤਾ ਸੀ। ਵਰਨਣਯੋਗ ਹੈ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਉੱਤੇ ਅਕਾਲੀ ਦਲ ਤੇ ਭਾਜਪਾ ਦਾ ਦੋ ਦਹਾਕਿਆਂ ਪੁਰਾਣਾ ਸਮਝੌਤਾ ਟੁੱਟ ਗਿਆ ਸੀ, ਉਸ ਤੋਂ ਬਾਅਦ ਪੰਜਾਬ ਵਿਚ ਅਕਾਲੀ ਦਲ ਤੇ ਭਾਜਪਾ ਦੇ ਪੈਰ ਨਹੀਂ ਲੱਗੇ।
ਕੈਪਟਨ ਦਾ ਕਹਿਣਾ ਹੈ ਕਿ ਉਮਰ ਦੇ ਇਸ ਪੜਾਅ ਵਿਚ ਉਨ੍ਹਾਂ ਦੀ ਕੋਈ ਚੋਣ ਲੜਨ ਦੀ ਇੱਛਾ ਨਹੀਂ ਹੈ ਬਲਕਿ ਨਵੀਂ ਪੀੜੀ ਨੂੰ ਮੌਕਾ ਮਿਲਣਾ ਚਾਹੀਦਾ ਹੈ। ਕੈਪਟਨ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰ ਰਹੇ ਸਨ। ਕੈਪਟਨ ਦੇ ਇਸ ਪ੍ਰਗਟਾਵੇ ਨਾਲ ਅਕਾਲੀ-ਭਾਜਪਾ ਗੱਠਜੋੜ ਬਾਰੇ ਇਕ ਵਾਰ ਮੁੜ ਚਰਚਾ ਛਿੜ ਗਈ ਹੈ। ਦਿਲਚਸਪ ਗੱਲ ਹੈ ਕਿ ਮੂਲ ਰੂਪ ਵਿਚ ਭਾਜਪਾਈ ਤੇ ਪਾਰਟੀ ਦੇ ਸੀਨੀਅਰ ਨੇਤਾ ਇਕੱਲਿਆਂ ਚੋਣ ਲੜਨ ਤੇ ਸਮਝੌਤਾ ਨਾ ਕਰਨ ਦੀ ਗੱਲ ਕਰਦੇ ਹਨ ਪਰ ਵੱਖ-ਵੱਖ ਪਾਰਟੀਆਂ ਵਿੱਚੋਂ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਿਆਸਤਦਾਨ ਦੋਵਾਂ ਪਾਰਟੀਆਂ ਵਿਚ ਸਮਝੌਤਾ ਹੋਣ ਲਈ ਆਸਵੰਦ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਖੁੱਲ੍ਹਦਿਲੀ ਨਾਲ ਮੰਨਿਆ ਹੈ ਕਿ ਉਹ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਮਿਲੇ ਹਨ ਅਤੇ ਸਵ. ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਵੀ ਭਿੰਡਰਾਵਾਲਾ ਨਾਲ ਮੀਟਿੰਗ ਕਰਵਾਉਣੀ ਚਾਹੁੰਦੇ ਸਨ ਪਰ ਕਿਸੇ ਕਾਰਨ ਇਹ ਮੀਟਿੰਗ ਨਹੀਂ ਹੋ ਸਕੀ ਸੀ। ਕੈਪਟਨ ਨੇ ਇਹ ਵੀ ਕਿਹਾ ਹੈ ਕਿ ਭਿੰਡਰਾਵਾਲਾ ਨੇ ਕਦੇ ਵੀ ਖ਼ਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹਾਲਾਤ ਮਾੜੇ ਹੋਣ ਕਰ ਕੇ ਪੰਜਾਬ ਅਤੇ ਸਿੱਖਾਂ ਦਾ ਵੱਡਾ ਨੁਕਸਾਨ ਹੋਇਆ ਸੀ ਤੇ ਉਹ ਸੂਬੇ ਵਿਚ ਸ਼ਾਂਤੀ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਭਿੰਡਰਾਵਾਲਾ ਤੇ ਉਨ੍ਹਾਂ ਦੇ ਬੰਦਿਆਂ ਕੋਲ ਇੰਨੇ ਹਥਿਆਰ ਕਿਵੇਂ ਪਹੁੰਚੇ ਸਨ? ਜਾਂ ਕਿਹਨੇ ਪਹੁੰਚਾਏ ਸਨ, ਇਹ ਵੀ ਜਾਂਚ ਦਾ ਵਿਸ਼ਾ ਹੈ। ਇਕ ਵਿਅਕਤੀ ਨੂੰ ਰਿਵਾਲਵਰ ਲੈ ਕੇ ਜਾਣਾ ਔਖਾ ਹੁੰਦਾ ਹੈ ਪਰ ਮਸ਼ੀਨਗੰਨਾਂ ਤੇ ਇੰਨਾ ਗੋਲੀ ਸਿੱਕਾ ਕਿਵੇ ਪੁੱਜਾ? ਕੈਪਟਨ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਵ. ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਪੰਜਾਬ ਵਿਚ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਕਿਹਾ ਸੀ ਕਿ ਜਿਹੜੇ ਹਥਿਆਰਬੰਦ ਨੌਜਵਾਨ ਮੁੱਖ ਧਾਰਾ ਵਿਚ ਆਉਣਾ ਚਾਹੁੰਦੇ ਹਨ, ਨੂੰ ਕੁਝ ਨਹੀਂ ਕਿਹਾ ਜਾਵੇਗਾ। ਇਸ ਮਗਰੋਂ ਉਨ੍ਹਾਂ ਨੇ ਕਈ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਵਾਇਆ ਸੀ ਪਰ ਬਾਅਦ ਵਿਚ ਪਤਾ ਲੱਗਿਆ ਕਿ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ। ਇਸ ਘਟਨਾ ਨੇ ਕਾਫ਼ੀ ਨਾਰਾਜ਼ ਕੀਤਾ ਸੀ ਤੇ ਹੁਣ ਵੀ ਰਾਤ ਨੂੰ ਕਈ ਵਾਰ ਉਹ ਘਟਨਾ ਯਾਦ ਆਉਣ ’ਤੇ ਪਰੇਸ਼ਾਨ ਹੋ ਜਾਂਦੇ ਹਨ।
ਸੁਰੇਸ਼ ਨੂੰ ਨਹੀਂ ਸੀ ਛੱਡ ਸਕਦਾ
ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਮਾਝੇ ਦੇ ਵਿਧਾਇਕਾਂ (ਰੰਧਾਵਾ-ਬਾਜਵਾ ਗਰੁੱਪ) ਵੱਲੋਂ ਸਾਥ ਛੱਡੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਉਹ ਸਾਰੇ ਮੈਨੂੰ ਮੇਰੇ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੂੰ ਹਟਾਉਣ ਦੀ ਗੱਲ ਕਰਦੇ ਸਨ। ਮੈਂ ਸੁਰੇਸ਼ ਨੂੰ ਹਟਾਉਣ ਤੋਂ ਸਪਸ਼ਟ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਮੈਨੂੰ ਅਸਤੀਫ਼ਾ ਦੇਣ ਲਈ ਕਿਹਾ ਤਾਂ ਮੈਂ ਦੇ ਦਿੱਤਾ, ਉਸ ਘਟਨਾ ਤੋਂ ਬਾਅਦ ਕਦੇ ਵੀ ਸੋਨੀਆ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੇਰੇ ਅਕਾਲੀ ਤੇ ਕਾਂਗਰਸੀ ਦੋਸਤ ਮੈਨੂੰ ਹੁਣ ਵੀ ਮਿਲਦੇ ਹਨ।