ਚੰਡੀਗੜ੍ਹ, 6 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਛੱਤੀਸਗੜ੍ਹ ਦੇ ਬੀਜਾਪੁਰ ਇਲਾਕੇ ‘ਚ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੋਮਵਾਰ ਨੂੰ ਨਕਸਲੀਆਂ ਨੇ ਕੁਟਰੂ ਰੋਡ ‘ਤੇ ਜਵਾਨਾਂ ਦੇ ਇਕ ਬਖਤਰਬੰਦ ਵਾਹਨ ਨੂੰ ਉਡਾ ਦਿੱਤਾ। ਧਮਾਕੇ ‘ਚ 9 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਐਤਵਾਰ ਨੂੰ ਜਵਾਨਾਂ ਨੇ ਅਬੂਝਮਾਦ ਇਲਾਕੇ ‘ਚ ਵੱਡਾ ਆਪਰੇਸ਼ਨ ਚਲਾਇਆ ਸੀ। ਇਲਾਕੇ ਦੀ ਤਲਾਸ਼ੀ ਲੈਣ ਤੋਂ ਬਾਅਦ ਫੋਰਸ ਵਾਪਸ ਆਪਣੇ ਕੈਂਪ ਵੱਲ ਪਰਤ ਰਹੀ ਸੀ। ਜਵਾਨਾਂ ਨੂੰ ਵਾਪਸ ਲੈਣ ਲਈ ਬੋਲੇਰੋ ਪਿਕਅੱਪ ਗੱਡੀ ਭੇਜੀ ਗਈ। ਇਸ ਗੱਡੀ ਨੂੰ ਨਕਸਲੀਆਂ ਨੇ ਨਿਸ਼ਾਨਾ ਬਣਾਇਆ ਸੀ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਾਂਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਤੋਂ ਸੈਨਿਕਾਂ ਦੀ ਸਾਂਝੀ ਟੀਮ ਆਪਰੇਸ਼ਨ ਤੋਂ ਬਾਅਦ ਵਾਪਸ ਪਰਤ ਰਹੀ ਸੀ। ਇਸੇ ਦੌਰਾਨ ਬੀਜਾਪੁਰ ਜ਼ਿਲ੍ਹੇ ਦੇ ਕੁਤਰੂ ਥਾਣਾ ਖੇਤਰ ਦੇ ਪਿੰਡ ਅੰਬੇਲੀ ਨੇੜੇ ਦੁਪਹਿਰ ਕਰੀਬ 2:15 ਵਜੇ ਅਣਪਛਾਤੇ ਮਾਓਵਾਦੀਆਂ ਨੇ ਸੁਰੱਖਿਆ ਬਲ ਦੇ ਵਾਹਨ ਨੂੰ ਬੰਬ ਨਾਲ ਉਡਾ ਦਿੱਤਾ। ਜਿਸ ਵਿੱਚ ਦਾਂਤੇਵਾੜਾ ਡੀਆਰਜੀ ਦੇ 08 ਜਵਾਨ ਅਤੇ ਇੱਕ ਡਰਾਈਵਰ 9 ਦੇ ਸ਼ਹੀਦ ਹੋਣ ਦੀ ਸੂਚਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਕਸਲੀਆਂ ਨੇ ਪੁਲਿਸ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਅਚਾਨਕ ਹੋਏ ਧਮਾਕੇ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਬਾਰੇ ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਰਮਨ ਸਿੰਘ ਨੇ ਕਿਹਾ ਕਿ ਜਦੋਂ ਵੀ ਨਕਸਲੀਆਂ ਵਿਰੁੱਧ ਕੋਈ ਵੱਡਾ ਅਪਰੇਸ਼ਨ ਚਲਾਇਆ ਜਾਂਦਾ ਹੈ ਤਾਂ ਉਹ ਅਜਿਹੀਆਂ ਕਾਇਰਤਾ ਭਰੀਆਂ ਕਾਰਵਾਈਆਂ ਕਰਦੇ ਹਨ। ਛੱਤੀਸਗੜ੍ਹ ਸਰਕਾਰ ਨਕਸਲਵਾਦ ਵਿਰੁੱਧ ਚੁੱਕੇ ਜਾ ਰਹੇ ਕਦਮਾਂ ਨੂੰ ਹੋਰ ਤੇਜ਼ ਕਰੇਗੀ। ਸਰਕਾਰ ਨਾ ਡਰਨ ਵਾਲੀ ਹੈ ਅਤੇ ਨਾ ਹੀ ਝੁਕਣ ਵਾਲੀ ਹੈ, ਉਨ੍ਹਾਂ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ।
ਦੱਸ ਦਈਏ ਕਿ ਇਸ ਘਟਨਾ ‘ਚ 5 ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਵਾਨਾਂ ਦੀਆਂ ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਇਸ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਸੰਖੇਪ
ਛੱਤੀਸਗੜ੍ਹ ਦੇ ਬਿਜਾਪੁਰ ਜਿਲੇ ਵਿੱਚ ਨਕਸਲੀ ਹਮਲੇ ਵਿੱਚ 9 ਜਵਾਨਾਂ ਦੀ ਸ਼ਹੀਦੀ ਦੀ ਪੁਸ਼ਟੀ ਹੋਈ ਹੈ। ਇਸ ਹਮਲੇ ਵਿੱਚ 8 ਪੁਲਿਸ ਮੁਲਾਜ਼ਮ ਅਤੇ 1 ਡਰਾਈਵਰ ਸ਼ਹੀਦ ਹੋ ਗਏ ਹਨ। ਸੁਰੱਖਿਆ ਬਲਾਂ ਨੇ ਸਥਿਤੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਮਲਾ ਕਾਫੀ ਸਖ਼ਤ ਸੀ।