ਚੰਡੀਗੜ੍ਹ, 21 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਹਰਿਆਣਾ ’ਚ ਹੁਣ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ’ਚ ਕਿਰਪਾਨ ਲੈ ਕੇ ਜਾਣ ਦੀ ਛੋਟ ਦਿੱਤੀ ਜਾਏਗੀ। ਔਰਤਾਂ ਮੰਗਲ ਸੂਤਰ ਪਾ ਕੇ ਬੋਰਡ ਤੇ ਯੂਨੀਵਰਸਿਟੀਆਂ ਤੇ ਭਰਤੀ ਪ੍ਰੀਖਿਆਵਾਂ ’ਚ ਸ਼ਾਮਲ ਹੋ ਸਕਣਗੀਆਂ। ਮੁੱਖ ਸਕੱਤਰ ਦੇ ਦਫ਼ਤਰ ਵਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਵੱਖ-ਵੱਖ ਭਰਤੀ ਏਜੰਸੀਆਂ ਵਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਤੇ ਵਿਆਹੁਤਾ ਔਰਤ ਉਮੀਦਵਾਰਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵੱਖ-ਵੱਖ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਵਾਲੇ ਸਿੱਖ ਵਿਦਿਆਰਥੀਆਂ ਤੇ ਉਮੀਦਵਾਰਾਂ ਨੂੰ ਤੈਅ ਨਿਯਮਾਂ ਦੇ ਮੁਤਾਬਕ ਕਿਰਪਾਨ ਪਾਉਣ ਤੇ ਨਾਲ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਕਿਰਪਾਨ ਦੀ ਕੁੱਲ ਲੰਬਾਈ ਨੌਂ ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਜਦਕਿ ਉਸ ਦੀ ਧਾਰ ਦੀ ਲੰਭਾਈ ਛੇ ਇੰਚ ਤੋਂ ਜ਼ਿਆਦਾ ਨਾ ਹੋਵੇ। ਅਜਿਹੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ’ਤੇ ਤੈਅ ਸਮੇਂ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਰਿਪੋਰਟ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਜ਼ਰੂਰੀ ਜਾਂਚ ਤੇ ਰਸਮੀ ਕਾਰਵਾਈ ਪੂਰੀ ਕੀਤੀ ਜਾ ਸਕੇ।
ਨੋਟੀਫਿਕੇਸ਼ਨ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਵਿਆਹੁਤਾ ਔਰਤ ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ ਮੰਗਲ ਸੂਤਰ ਪਾਉਣ ਦੀ ਇਜਾਜ਼ਤ ਹੋਵੇਗੀ। ਅਜਿਹੀਆਂ ਔਰਤ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ’ਤੇ ਤੈਅ ਸਮੇਂ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਨਾਲ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਸਕਣ। ਇਹ ਫ਼ੈਸਲਾ ਦਿੱਲੀ ਹਾਈ ਕੋਰਟ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦੇ ਸਬੰਧ ’ਚ ਲਿਆ ਗਿਆ ਹੈ, ਜਿਨ੍ਹਾਂ ’ਚ ਧਾਰਮਿਕ ਤੇ ਸੱਭਿਆਚਾਰਕ ਅਧਿਕਾਰਾਂ ਦੀ ਸੁਰੱਖਿਆ ਦੇ ਨਾਲ-ਨਾਲ ਪ੍ਰੀਖਿਆਵਾਂ ਦੇ ਨਿਰਪੱਖ ਆਪ੍ਰੇਸ਼ਨ ’ਤੇ ਜ਼ੋਰ ਦਿੱਤਾ ਗਿਆ ਹੈ।
ਸੂਬਾ ਸਰਕਾਰ ਨੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸਬਾਰਡੀਨੇਟ ਵਿਭਾਗਾਂ, ਬੋਰਡਾਂ, ਨਿਗਮਾਂ, ਯੂਨੀਵਰਸਿਟੀਆਂ ਤੇ ਭਰਤੀ ਏਜੰਸੀਆਂ ਦੇ ਮੁਖੀਆਂ ਨੂੰ ਜ਼ਰੂਰੀ ਆਦੇਸ਼ ਜਾਰੀ ਕਰਨ, ਤਾਂ ਜੋ ਪ੍ਰੀਖਿਆ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ, ਆਬਜ਼ਰਵਰਾਂ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਜਾਣਕਾਰੀ ਰਹੇ ਤੇ ਕਿਸੇ ਵੀ ਪੱਧਰ ’ਤੇ ਉਮੀਦਵਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
