ਗੁਰਦਾਸਪੁਰ, 20 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਲਾਪ੍ਰਵਾਹੀ ਦਿਖਾਉਣ, ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਨ ਅਤੇ ਪੁਲਿਸ ਗਤੀਵਿਧੀਆਂ ਵਿੱਚ ਸਰਗਰਮੀ ਨਾ ਦਿਖਾਉਣ ਵਾਲੇ ਕੁਝ ਪੁਲਿਸ ਅਧਿਕਾਰੀਆਂ ਖ਼ਿਲਾਫ਼ ਐਸ.ਐਸ.ਪੀ .ਅਦਿੱਤਿਆ ਵੱਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਤਿੰਨ ਥਾਣਾ ਮੁਖੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦ ਕਿ ਇੱਕ ਚੌਂਕੀ ਇੰਚਾਰਜ ਦਾ ਤਬਾਦਲਾ ਕੀਤਾ ਗਿਆ ਹੈ ਅਤੇ ਇਕ ਹੋਰ ਚੌਂਕੀ ਇੰਚਾਰਜ ਨੂੰ ਕੰਮ ਪ੍ਰਤੀ ਸੁਚੇਤ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਿਟੀ ਗੁਰਦਾਸਪੁਰ ਥਾਣਾ ਮੁਖੀ ਗੁਰਮੀਤ ਸਿੰਘ, ਥਾਣਾ ਬਹਿਰਾਮਪੁਰ ਮੁਖੀ ਓਂਕਾਰ ਸਿੰਘ, ਥਾਣਾ ਪੁਰਾਣਾ ਸ਼ਾਲਾ ਮੁਖੀ ਮੋਹਨ ਲਾਲ ਨੂੰ ਤੁਰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦ ਕਿ ਜੌੜਾ ਛੱਤਰਾਂ ਚੌਕੀ ਇੰਚਾਰਜ ਜੀਵਨ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਐਸਐਸਪੀ ਆਦਿੱਤਿਆ ਨੇ ਕਿਹਾ ਕਿ ਉਨ੍ਹਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਜੋ ਆਪਣੇ ਕੰਮ ਪ੍ਰਤੀ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਉਤਸ਼ਾਹ ਨਹੀਂ ਦਿਖਾਉਂਦੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਐਸਐਸਪੀ ਨੇ ਘੁੰਮਣ ਕਲਾਂ ਥਾਣੇ ਦੇ ਇੰਚਾਰਜ ਨੂੰ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਨਾ ਕਰਨ ‘ਤੇ ਮੁਅੱਤਲ ਵੀ ਕਰ ਦਿੱਤਾ ਸੀ।
ਸੰਖੇਪ: ਨਸ਼ਾ ਵਿਰੋਧੀ ਮੁਹਿੰਮ ‘ਚ ਲਾਪਰਵਾਹੀ ਕਰਨ ਵਾਲੇ 3 ਥਾਣਾ ਮੁਖੀ ਲਾਈਨ ਹਾਜ਼ਰ, 1 ਚੌਕੀ ਇੰਚਾਰਜ ਦਾ ਤਬਾਦਲਾ, SSP ਵੱਲੋਂ ਸਖ਼ਤ ਕਾਰਵਾਈ।