19 ਜੂਨ (ਪੰਜਾਬੀ ਖਬਰਨਾਮਾ):ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ। ਹਰਿਆਣਾ ਦੇ ਸਾਬਕਾ ਮੁੱਖਮੰਤਰੀ ਬੰਸੀਲਾਲ ਦੀ ਨੂੰਹ ਅਤੇ ਤੋਸ਼ਾਮ, ਭਿਵਾਨੀ ਤੋਂ ਕਾਂਗਰਸ ਵਿਧਾਇਕ ਕਿਰਨ ਚੌਧਰੀ ਆਪਣੀ ਧੀ ਸ਼ਰੂਤੀ ਚੌਧਰੀ ਸਣੇ ਕਾਂਗਰਸ ਛੱਡ ਭਾਜਪਾ ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਲੰਘੇ ਦਿਨ ਹੀ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਸੀ।
ਸੂਬੇ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੇਵੀ ਲਾਲ, ਭਜਨ ਲਾਲ ਅਤੇ ਬੰਸੀਲਾਲ ਪਰਿਵਾਰ ਭਾਜਪਾ ‘ਚ ਇਕੱਠੇ ਹੋਣਗੇ। ਕਿਰਨ ਚੌਧਰੀ ਨੇ ਲੋਕ ਸਭਾ ਚੋਣਾਂ ਵਿੱਚ ਰਾਓ ਦਾਨ ਸਿੰਘ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਕਿਰਨ ਚੌਧਰੀ ਆਪਣੀ ਬੇਟੀ ਸ਼ਰੂਤੀ ਚੌਧਰੀ ਦੀ ਟਿਕਟ ਰੱਦ ਹੋਣ ‘ਤੇ ਨਾਰਾਜ਼ ਸੀ।
ਕਾਂਗਰਸ ਵਿਧਾਇਕ ਕਿਰਨ ਚੌਧਰੀ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਇੱਥੇ (ਹਰਿਆਣਾ) ਪਾਰਟੀ ਨੂੰ ਨਿੱਜੀ ਜਾਇਦਾਦ ਵਾਂਗ ਚਲਾਇਆ ਜਾ ਰਿਹਾ ਹੈ। ਮੈਨੂੰ ਬੇਇੱਜ਼ਤ ਕੀਤਾ ਗਿਆ। ਕਿਰਨ ਚੌਧਰੀ ਆਪਣੀ ਧੀ ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ ਨਾਲ ਭਾਜਪਾ ‘ਚ ਸ਼ਾਮਲ ਹੋ ਗਈ ਹੈ। ਦੋਵੇਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ‘ਚ ਪਾਰਟੀ ‘ਚ ਸ਼ਾਮਲ ਹੋਏ। ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਵੀ ਉੱਥੇ ਮੌਜੂਦ ਰਹੇ। ਦੱਸ ਦੇਈਏ ਕਿ ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਸੀਟ ਤੋਂ ਆਪਣੀ ਬੇਟੀ ਸ਼ਰੂਤੀ ਚੌਧਰੀ ਦੀ ਟਿਕਟ ਰੱਦ ਹੋਣ ਤੋਂ ਬਾਅਦ ਕਿਰਨ ਚੌਧਰੀ ਨਾਰਾਜ਼ ਹਨ।