06 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ):-ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਤੋਂ ਬਹੁਤ ਹੀ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਬਜ਼ੁਰਗ ਨੇ ਆਪਣੇ ਪੁੱਤ ਅਤੇ ਨੂੰਹ ਦੇ ਤਸ਼ੱਦਦ ਤੋਂ ਤੰਗ ਆ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦੇ 12 ਦਿਨਾਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ ਹੈ ਅਤੇ ਹੁਣ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਗ੍ਰੇਟਰ ਫਰੀਦਾਬਾਦ ਦੇ ਸੈਕਟਰ 87 ਸਥਿਤ ਰਾਇਲ ਹਿਲਸ ਸੁਸਾਇਟੀ ‘ਚ ਇਕ ਬਜ਼ੁਰਗ ਵਿਅਕਤੀ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਖੁਲਾਸਾ ਬਜ਼ੁਰਗ ਦੀ ਜੇਬ ‘ਚੋਂ ਮਿਲੇ ਨੋਟ ਤੋਂ ਹੋਇਆ ਹੈ। ਘਟਨਾ 22 ਫਰਵਰੀ ਦੀ ਹੈ ਪਰ ਪੁਲਿਸ ਨੇ 4 ਮਾਰਚ ਦੀ ਰਾਤ ਨੂੰ ਮ੍ਰਿਤਕ ਬਜ਼ੁਰਗ ਦੇ ਲੜਕੇ ਅਤੇ ਨੂੰਹ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਦਰਅਸਲ, 67 ਸਾਲਾ ਕੁਬੇਰਨਾਥ ਸ਼ਰਮਾ ਆਪਣੀ ਪਤਨੀ, ਬੇਟੇ ਸ਼ੈਲੇਸ਼ ਕੁਮਾਰ ਸ਼ਰਮਾ, ਨੂੰਹ ਆਕਾਂਕਸ਼ਾ ਅਤੇ ਪੋਤੇ ਨਾਲ ਫਲੈਟ ਨੰਬਰ ਏ/2-502 ਵਿੱਚ ਪਿਛਲੇ 4 ਸਾਲਾਂ ਤੋਂ ਰਹਿ ਰਿਹਾ ਸੀ। 22 ਫਰਵਰੀ ਨੂੰ ਕੁਬੇਰਨਾਥ ਨੇ ਫਲੈਟ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਬੇਟੇ ਸ਼ੈਲੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਬੀਮਾਰ ਸੀ ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਪੁੱਤਰ ਦੇ ਬਿਆਨਾਂ ‘ਤੇ ਮ੍ਰਿਤਕ ਦਾ ਪੋਸਟਮਾਰਟਮ ਵੀ ਕਰਵਾ ਲਿਆ ਸੀ।
ਇਸ ਦੌਰਾਨ ਪੁਲਿਸ ਨੂੰ ਮ੍ਰਿਤਕ ਦੀ ਜੇਬ ‘ਚੋਂ ਮਿਲੇ ਨੋਟ ਤੋਂ ਪਤਾ ਲੱਗਾ ਕਿ ਕੁਬੇਰਨਾਥ ਨੇ ਆਪਣੇ ਬੇਟੇ ਅਤੇ ਨੂੰਹ ਦੇ ਤਸ਼ੱਦਦ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਕੁਬੈਰਨਾਥ ਨੇ ਨੋਟ ‘ਚ ਲਿਖਿਆ ਸੀ, “ਪੁੱਤ ਤੇ ਨੂੰਹ ਨੇ ਚੱਪਲਾਂ ਨਾਲ ਕੁੱਟਿਆ। ਜਿਉਣ ਨਾਲੋਂ ਮਰਨਾ ਚੰਗਾ ਹੈ। ਇਸ ‘ਚ ਕਿਸੇ ਦਾ ਕਸੂਰ ਨਹੀਂ, ਇਹ ਸਭ ਰੱਬ ਦੀ ਮਰਜ਼ੀ ਹੈ।”
ਇਹ ਘਟਨਾ 22 ਫਰਵਰੀ ਨੂੰ ਵਾਪਰੀ ਸੀ, ਹੁਣ ਮਾਮਲਾ ਸਾਹਮਣੇ ਆਇਆ
ਤਿਗਾਂਹ ਥਾਣਾ ਇੰਚਾਰਜ ਸੰਗਰਾਮ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ 22 ਫਰਵਰੀ ਨੂੰ ਸ਼ਾਮ 4 ਵਜੇ ਮਿਲੀ ਸੀ। ਪੋਸਟਮਾਰਟਮ ਦੌਰਾਨ ਇਕ ਨੋਟ ਮਿਲਿਆ ਹੈ, ਜਿਸ ‘ਚ ਪਤਾ ਲੱਗਾ ਹੈ ਕਿ ਬਜ਼ੁਰਗ ਨੇ ਤਸ਼ੱਦਦ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਬੇਟੇ ਅਤੇ ਨੂੰਹ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨੋਟ ਦੀ ਹੈਂਡਰਾਈਟਿੰਗ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਇਸ ਘਟਨਾ ਨੇ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਵਾਲ ਉਠਾਏ ਜਾ ਰਹੇ ਹਨ ਕਿ ਪੁਲਿਸ ਨੇ ਨੋਟ ਮਿਲਣ ਦੇ ਬਾਵਜੂਦ ਮ੍ਰਿਤਕ ਦੇ ਬੇਟੇ ਦੇ ਬਿਆਨ ‘ਤੇ ਪੋਸਟਮਾਰਟਮ ਕਿਉਂ ਕਰਵਾਇਆ ਅਤੇ 10 ਦਿਨ ਬਾਅਦ ਉਸੇ ਸੁਸਾਈਡ ਨੋਟ ਦੇ ਆਧਾਰ ‘ਤੇ ਮਾਮਲਾ ਦਰਜ ਕਿਉਂ ਕੀਤਾ।