13 ਜੂਨ (ਪੰਜਾਬੀ ਖਬਰਨਾਮਾ): ਗੁਰਦੇ ‘ਚ ਪੱਥਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜੇਕਰ ਤੁਸੀਂ ਰੋਜ਼ਾਨਾ ਲੋੜੀਂਦਾ ਪਾਣੀ ਨਹੀਂ ਪੀਂਦੇ, ਤਾਂ ਗੁਰਦੇ ਦੀ ਪੱਥਰੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਭਰਪੂਰ ਮਾਤਰਾ ‘ਚ ਪਾਣੀ ਪੀਓ ਅਤੇ ਕੁਝ ਭੋਜਨਾਂ ਤੋਂ ਪਰਹੇਜ਼ ਕਰਨਾ ਵੀ ਜ਼ਰੂਰੀ ਹੈ। ਅਜਿਹਾ ਕਰਕੇ ਤੁਸੀਂ ਗੁਰਦੇ ‘ਚ ਪੱਥਰੀ ਬਣਨ ਤੋਂ ਰੋਕ ਸਕਦੇ ਹੋ।
ਗੁਰਦੇ ਦੀ ਪੱਥਰੀ ਨੂੰ ਰੋਕਣ ਲਈ ਇਨ੍ਹਾਂ ਭੋਜਨਾਂ ਤੋਂ ਕਰੋ ਪਰਹੇਜ਼
ਆਕਸਲੇਟਸ ਦੀ ਮਾਤਰਾ ਘੱਟ ਲਓ: ਗੁਰਦੇ ਦੀ ਪੱਥਰੀ ਤੋਂ ਬਚਣ ਲਈ ਆਕਸਲੇਟਸ ਦੀ ਜ਼ਿਆਦਾ ਮਾਤਰਾ ਵਾਲੇ ਭੋਜਨ ਨੂੰ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ। ਇਸ ਲਈ ਚੁਕੰਦਰ, ਆਲੂ, ਮੂੰਗਫਲੀ, ਸਲਾਦ ਅਤੇ ਚਾਕਲੇਟ ਨੂੰ ਬਹੁਤ ਜ਼ਿਆਦਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਲੂਣ: ਲੂਣ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਨਾਲ ਅਨੀਮੀਆ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਪੈਂਦਾ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਖੁਰਾਕ ਵਿੱਚ ਬਹੁਤ ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਵੀ ਬਣ ਸਕਦੀ ਹੈ। ਇਸ ਲਈ ਲੂਣ ਨੂੰ ਘੱਟ ਕਰਨਾ ਬਿਹਤਰ ਹੈ।
ਪ੍ਰੋਟੀਨ: ਪ੍ਰੋਟੀਨ ਨਾਲ ਭਰਪੂਰ ਭੋਜਨ ਦਾ ਜ਼ਿਆਦਾ ਸੇਵਨ ਵੀ ਗੁਰਦੇ ਦੀ ਪੱਥਰੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਘੱਟ ਮਾਤਰਾ ‘ਚ ਲੈਣਾ ਹੀ ਫਾਇਦੇਮੰਦ ਹੋ ਸਕਦਾ ਹੈ।
ਵਿਟਾਮਿਨ-ਸੀ: ਵਿਟਾਮਿਨ-ਸੀ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਵਿਟਾਮਿਨ-ਸੀ ਦੀ ਜ਼ਿਆਦਾ ਮਾਤਰਾ ਲੈਣ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਦੋ ਸਰੀਰ ‘ਚ ਵਿਟਾਮਿਨ ਸੀ ਦਾ ਪੱਧਰ ਵੱਧ ਜਾਂਦਾ ਹੈ, ਤਾਂ ਗੁਰਦੇ ਦੀ ਪੱਥਰੀ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਵਿਟਾਮਿਨ ਸੀ ਵਾਲੇ ਭੋਜਨ ਅਤੇ ਫਲਾਂ ਦਾ ਸੇਵਨ ਕਰਨ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰੋਸੈਸਡ ਫੂਡ: ਆਪਣੀ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਪ੍ਰੋਸੈਸਡ ਭੋਜਨ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਫਾਸਟ ਫੂਡ ਦੇ ਨਾਲ-ਨਾਲ ਤਲੇ ਹੋਏ ਭੋਜਨ ਪਦਾਰਥਾਂ ਨੂੰ ਘੱਟ ਖਾਣਾ ਚਾਹੀਦਾ ਹੈ, ਕਿਉਂਕਿ ਇਹ ਭੋਜਨ ਗੁਰਦੇ ਦੀ ਪੱਥਰੀ ਦਾ ਕਾਰਨ ਬਣਦੇ ਹਨ।

 
  
              