ਬਠਿੰਡਾ, 19 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੋਨਿਆਣਾ ਸਬ-ਡਵੀਜ਼ਨ ਦੇ ਅਧੀਨ ਕੰਮ ਕਰਨ ਵਾਲੇ ਸਹਾਇਕ ਲਾਈਨਮੈਨ ਸਤਵੀਰ ਸਿੰਘ (ਪੈਸਕੋ) ਨੂੰ ਡਿਊਟੀ ਦੌਰਾਨ ਇਕ ਵਿਅਕਤੀ ਨੇ ਆਪਣੇ ਘਰ ਅੰਦਰ ਬੰਦੀ ਬਣਾ ਕੇ ਉਸ ਦੀ ਕੁੱਟਮਾਰ ਕੀਤੀ।
ਹਸਪਤਾਲ ‘ਚ ਜ਼ੇਰੇ ਇਲਾਜ ਸਤਵੀਰ ਸਿੰਘ ਸਹਾਇਕ ਲਾਈਨਮੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਾਰਡ ਨੰਬਰ 4 ਦੀ ਗਲੀ ‘ਚ ਗੁਰਪ੍ਰੀਤ ਸਿੰਘ ਨੇ ਆਪਣੇ ਘਰ ਅੰਦਰ ਸਿੱਧੀ ਕੁੰਡੀ ਲਗਾ ਰੱਖੀ ਹੈ। ਇਸ ਦੌਰਾਨ ਜਦੋਂ ਉਹ ਉਸ ਨੂੰ ਚੈੱਕ ਕਰਨ ਲਈ ਗਿਆ ਤੇ ਕੁੰਡੀ ਦੇਖ ਜਦੋਂ ਉਸ ਨੇ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਪ੍ਰੀਤ ਸਿੰਘ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ।
ਇਸ ਦੌਰਾਨ ਮੁਲਜ਼ਮ ਨੇ ਕਿਹਾ, “ਤੂੰ ਮੇਰੇ ਘਰ ਅੰਦਰ ਦਾਖਲ ਹੋਣ ਵਾਲਾ ਹੁੰਦਾ ਕੌਣ ਹੈ। ਮੈਂ ਸਿੱਧੀ ਕੁੰਡੀ ਲਗਾਈ ਹੈ, ਮੈਨੂੰ ਕੋਈ ਵੀ ਨਹੀਂ ਰੋਕ ਸਕਦਾ।” ਇਸ ‘ਤੇ ਜਦੋਂ ਲਾਈਨਮੈਨ ਨੇ ਖਹਿੜਾ ਛੁਡਾ ਕੇ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਆਪਣੇ ਸਾਥੀ ਨੂੰ ਕਹਿ ਕੇ ਦਰਵਾਜ਼ਾ ਬੰਦ ਕਰ ਲਿਆ।
ਦਰਵਾਜ਼ਾ ਬੰਦ ਕਰਨ ਤੋਂ ਬਾਅਦ ਉਨ੍ਹਾਂ ਨੇ ਲਾਈਨਮੈਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਗਾਲੀ-ਗਲੋਚ ਕੀਤਾ। ਉਨ੍ਹਾਂ ਇਹ ਵੀ ਕਿਹਾ ਅਸੀਂ ਇਸੇ ਤਰ੍ਹਾਂ ਹੀ ਕੁੰਡੀ ਲਗਾਉਂਦੇ ਰਹਾਂਗੇ। ਇਸ ਮਗਰੋਂ ਉਸ ਨੇ ਲਾਈਨਮੈਨ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਸੰਖੇਪ:- ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਗੋਨਿਆਣਾ ਸਬ-ਡਵੀਜ਼ਨ ਦੇ ਸਹਾਇਕ ਲਾਈਨਮੈਨ ਸਤਵੀਰ ਸਿੰਘ ਨੂੰ ਡਿਊਟੀ ਦੌਰਾਨ ਗੁਰਪ੍ਰੀਤ ਸਿੰਘ ਨੇ ਘਰ ਵਿੱਚ ਬੰਦੀ ਬਣਾਕੇ ਕੁੱਟਿਆ ਅਤੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ।