4 ਸਤੰਬਰ 2024 : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (Sri guru nanak dev ji)ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ(Viah purab) ਜੋ ਬਟਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਬਰਾਤ ਦੇ ਟਿਕਾਓ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਵਿਆਹ ਪੁਰਬ ਨੂੰ ਲੈ ਕੇ ਸੰਗਤਾਂ ਦੀ ਭਾਰੀ ਆਮਦ ਸ਼ੁਰੂ ਹੋ ਗਈ ਹੈ।
ਸੰਗਤਾਂ ਵੱਡੀ ਗਿਣਤੀ ’ਚ ਰੋਜ਼ਾਨਾ ਪਵਿੱਤਰ ਅਸਥਾਨਾਂ ਤੇ ਨਤ-ਮਸਤਕ ਹੋ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਮੈਨੇਜਰ ਸੁਖਜਿੰਦਰ ਸਿੰਘ ਭਾਮ, ਮੈਨੇਜਰ ਮਨਜੀਤ ਸਿੰਘ ਜਫਰਵਾਲ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸਮਾਗਮਾਂ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ।
9 ਸਤੰਬਰ ਨੂੰ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦੇ ਰਸਤਿਆਂ ਨੂੰ ਵੀ ਸੁੰਦਰ ਗੇਟਾਂ ਨਾਲ ਸਜਾਉਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। 10 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਹਿਨੁਮਾਈ ਹੇਠ ਬਟਾਲਾ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਜਿੱਥੇ ਸੰਗਤਾਂ ਤਿਆਰੀ ‘ਚ ਜੁੱਟੀਆਂ ਹਨ, ਉਥੇ ਪ੍ਰਸ਼ਾਸਨ ਵੱਲੋਂ ਵੀ ਸ਼ਹਿਰ ਦੇ ਅੰਦਰ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਬੀਬੀਆਂ ਨੇ ਤਿਆਰ ਕੀਤਾ ਪ੍ਰਸ਼ਾਦ
ਵਿਆਹ ਪੁਰਬ ਦੇ ਸਬੰਧ ‘ਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੀਬੀਆਂ ਵੱਲੋਂ ਗੁਣਿਆਂ ਅਤੇ ਮੱਠਿਆਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ। ਮੈਨੇਜਰ ਸੁਖਜਿੰਦਰ ਸਿੰਘ ਭਾਮ ਨੇ ਦੱਸਿਆ ਕਿ ਵਿਆਹ ਪੁਰਬ ਨੂੰ ਲੈ ਕੇ ਜਿੱਥੇ ਬੀਬੀਆਂ ਵੱਲੋਂ ਰੋਜ਼ਾਨਾ ਸਤਸੰਗ ਕੀਤਾ ਜਾ ਰਿਹਾ ਹੈ, ਉਥੇ ਨਾਲ ਹੀ ਸੰਗਤੀ ਰੂਪ ‘ਚ ਬੀਬੀਆਂ ਨੇ ਗੁਣਿਆਂ ਅਤੇ ਮੱਠਿਆਂ ਦਾ ਪ੍ਰਸ਼ਾਦ ਵੀ ਤਿਆਰ ਕੀਤਾ ਹੈ ਜੋ ਸੰਗਤਾਂ ‘ਚ ਵਰਤਾਇਆ ਜਾਵੇਗਾ।
ਸ਼ਹਿਰ ਦੀਆਂ ਬੰਦ ਪਈਆਂ ਲਾਈਟਾਂ ਜਗਾਈਆਂ
ਬਟਾਲਾ ਦੀਆਂ ਸੜਕਾਂ ਅਤੇ ਗਲੀਆਂ ‘ਚ ਬੰਦ ਪਈਆਂ ਲਾਈਟਾਂ ਦਾ ਮੁੱਦਾ ਪੰਜਾਬੀ ਜਾਗਰਣ ਵੱਲੋਂ ਦ੍ਰਿੜਤਾ ਨਾਲ ਉਠਾਇਆ ਗਿਆ ਸੀ, ਜਿਸ ਦੇ ਬਾਅਦ ਨਗਰ ਨਿਗਮ ਬਟਾਲਾ ਵੱਲੋਂ ਜਿੱਥੇ ਸੜਕਾਂ ‘ਚ ਪੈਚ ਵਰਕ ਕੀਤਾ ਜਾ ਰਿਹਾ ਹੈ, ਉਥੇ ਨਾਲ ਹੀ ਸ਼ਹਿਰ ਦੀਆਂ ਬੰਦ ਪਈਆਂ ਲਾਈਟਾਂ ਨੂੰ ਜਗਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਬਟਾਲਾ ਦੇ ਅੰਮ੍ਰਿਤਸਰ ਰੋਡ ਤੇ ਬੰਦ ਪਈਆਂ ਲਾਈਟਾਂ ਜਗਾ ਦਿੱਤੀਆਂ ਗਈਆਂ ਹਨ।