30 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਫਿਲਮ ਉਦਯੋਗ ਦੇ ਵੱਡੇ-ਵੱਡੇ ਨਾਂਅ ਬਾਕਸ-ਆਫਿਸ ਉਤੇ ਬੇਅਸਰ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵਿੱਚੋਂ ਕਿਸੇ ਇੱਕ ਦੀ ਵੀ ਫਿਲਮ ਇਸ ਵਰ੍ਹੇ 2025 ਦੇ ਪਹਿਲੇ ਅੱਧ ਪੜ੍ਹਾਅ ਦਰਮਿਆਨ ਕੋਈ ਖਾਸ ਮਾਅਰਕੇ ਨਹੀਂ ਮਾਰ ਸਕੀ। ਪਾਲੀਵੁੱਡ ਨਿਰਮਾਤਾਵਾਂ ਲਈ ਖੁਸ਼ੀ ਭਰੇ ਆਲਮ ਦਾ ਸਬੱਬ ਨਾ ਬਣ ਸਕਣ ਵਾਲੇ ਅਜਿਹੇ ਹੀ ਚਿਹਰਿਆਂ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ:
ਜੈ ਰੰਧਾਵਾ
ਇਸ ਸਾਲ ਦੀ ਵੱਡੀ ਫਿਲਮ ਵਜੋਂ ਸਾਹਮਣੇ ਲਿਆਂਦੀ ਗਈ ਪੰਜਾਬੀ ਫਿਲਮ ‘ਬਦਨਾਮ’, ਜਿਸ ਦਾ ਨਿਰਦੇਸ਼ਨ ਮੰਨੇ-ਪ੍ਰਮੰਨੇ ਨਿਰਦੇਸ਼ਕ ਮਨੀਸ਼ ਭੱਟ ਦੁਆਰਾ ਕੀਤਾ ਗਿਆ। ‘ਦੇਸੀ ਜੰਕਸ਼ਨ ਫਿਲਮਜ਼’ ਅਤੇ ‘ਜਬ ਸਟੂਡਿਓਜ਼’ ਵੱਲੋਂ 15 ਕਰੋੜ ਦੇ ਲਗਭਗ ਬਜਟ ਵਿੱਚ ਬਣਾਈ ਗਈ ਇਸ ਫਿਲਮ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੂੰ ਸ਼ਾਮਿਲ ਕੀਤਾ ਗਿਆ, ਜਿੰਨ੍ਹਾਂ ਵਿੱਚ ਜੈਸਮੀਨ ਭਸੀਨ, ਮੁਕੇਸ਼ ਰਿਸ਼ੀ, ਰਜਾ ਮੁਰਾਦ, ਨਿੱਕੀ ਤੰਬੋਲੀ ਅਤੇ ਆਦਿ ਸ਼ੁਮਾਰ ਰਹੇ। ਪਰ ਸ਼ਾਨਦਾਰ ਸਟਾਰ ਕਾਸਟ, ਉੱਚ ਪੱਧਰੀ ਐਕਸ਼ਨ, ਸੰਗੀਤ ਨਾਲ ਅੋਤ ਪੋਤ ਕੀਤੇ ਜਾਣ ਦੇ ਬਾਵਜੂਦ ਇਹ ਫਿਲਮ ਕੋਈ ਵੀ ਰਿਕਾਰਡ ਬ੍ਰੇਕ ਕਰਨ ਵਿੱਚ ਅਸਫ਼ਲ ਰਹੀ, ਜਿਸ ਨਾਲ ਤੇਜ ਰਫ਼ਤਾਰ ਨਾਲ ਅੱਗੇ ਵੱਧ ਰਹੇ ਜੈ ਰੰਧਾਵਾ ਦੇ ਕਰੀਅਰ ਨੂੰ ਕਾਫ਼ੀ ਸਟਬੈਕ ਦਾ ਸਾਹਮਣਾ ਕਰਨਾ ਪਿਆ ਹੈ।
ਗਿੱਪੀ ਗਰੇਵਾਲ
ਸਟਾਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਵੀ ਸਿਤਾਰੇ ਇਸ ਸਾਲ ਦੇ ਇਸ ਮੁੱਢਲੇ ਪੜਾਅ ਦੌਰਾਨ ਗਰਦਿਸ਼ ‘ਚ ਹੀ ਰਹੇ, ਜਿੰਨ੍ਹਾਂ ਵੱਲੋਂ ਕਰੋੜਾਂ ਦੀ ਲਾਗਤ ਨਾਲ ਬਣਾਈ ਗਈ ‘ਅਕਾਲ’ ਵੀ ਟਿਕਟ ਖਿੜਕੀ ਉਤੇ ਕੋਈ ਬਹੁਤਾ ਜਿਆਦਾ ਅਸਰ ਵਿਖਾਉਣ ‘ਚ ਨਾਕਾਮਯਾਬ ਰਹੀ। ‘ਹੰਬਲ ਮੋਸ਼ਨ ਪਿਕਚਰਸ’ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਅਤੇ ਮਲਟੀ-ਸਟਾਰਰ ਸਾਂਚੇ ਅਧੀਨ ਸਾਹਮਣੇ ਲਿਆਂਦੀ ਗਈ ਉਕਤ ਫਿਲਮ ਨੂੰ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਣ ਹਾਊਸ ‘ਧਰਮਾ ਪ੍ਰੋਡੋਕਸ਼ਨ’ ਦੁਆਰਾ ਪੈਨ ਇੰਡੀਆ ਰਿਲੀਜ਼ ਕੀਤਾ ਗਿਆ, ਪਰ ਵੱਡੇ ਪ੍ਰਚਾਰ ਪ੍ਰਸਾਰ ਦੇ ਹੇਠ ਵਿਸ਼ਵ-ਭਰ ਦੇ ਸਿਨੇਮਿਆਂ ‘ਚ ਪ੍ਰਦਰਸ਼ਿਤ ਕੀਤੀ ਗਈ ਇਹ ਫਿਲਮ ਅਪਣੀ ਲਾਗਤ ਵੀ ਪੂਰੀ ਕਰਨ ਵਿੱਚ ਅਸਫ਼ਲ ਰਹੀ, ਜਿਸ ਦੀ ਇਸ ਭਾਰੀ ਨਾਕਾਮਯਾਬੀ ਬਾਅਦ ਫਿਲਮ ਕਾਰੋਬਾਰ ਦੀ ਬਾਖੂਬੀ ਸਮਝ ਅਤੇ ਹੁਨਰਮੰਦੀ ਰੱਖਦੇ ਸਟਾਰ ਗਿੱਪੀ ਗਰੇਵਾਲ ਇੰਨੀ ਦਿਨੀਂ ਪੀਰੀਅਡ ਫਿਲਮ ਬਣਾਉਣ ਦਾ ਅਪਣਾ ਪੈਟਰਨ ਚੇਂਜ ਕਰਦੇ ਅਤੇ ਕਮਰਸ਼ਿਅਲ ਸਿਨੇਮਾ ਵੱਲ ਪੂਰਾ ਫੋਕਸ ਕਰਦੇ ਨਜ਼ਰੀ ਆ ਰਹੇ ਹਨ।
ਦੇਵ ਖਰੌੜ
ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਲੀਡ ਐਕਟਰਜ਼ ਵਿੱਚ ਸ਼ੁਮਾਰ ਕਰਵਾਉਂਦੇ ਦੇਵ ਖਰੌੜ ਲਈ ਵੀ ਇਹ ਸਾਲ ਮੁਫੀਦਕਾਰੀ ਨਹੀਂ ਰਿਹਾ, ਜਿੰਨ੍ਹਾਂ ਦੀ ਰਿਲੀਜ਼ ਹੋਈ ‘ਮਝੈਲ’ ਵੀ ਕਾਮਯਾਬੀ ਦੇ ਨਵੇਂ ਅਯਾਮ ਸਿਰਜਣ ਵਿੱਚ ਨਾਕਾਮਯਾਬ ਰਹੀ ਹੈ, ਹਾਲਾਂਕਿ ਇਸਦੇ ਬਿਹਤਰੀਨ ਐਕਸ਼ਨ ਅਤੇ ਉਨ੍ਹਾਂ ਦੀ ਭਾਵਪੂਰਨ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਸਰਾਹਿਆ ਜ਼ਰੂਰ ਗਿਆ ਹੈ।
ਜਗਜੀਤ ਸੰਧੂ
ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਰਿਲੀਜ਼ ਹੋਈ ਪੰਜਾਬੀ ਫਿਲਮ ‘ਇੱਲਤੀ’, ਜੋ ਬਹੁ-ਪੱਖੀ ਅਦਾਕਾਰ ਦੀ ਇੱਕ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਲਿਆਂਦੀ ਗਈ, ਪਰ ਭਾਰੀ ਸ਼ੋਰ-ਸ਼ਰਾਬੇ ਅਧੀਨ ਪੇਸ਼ ਕੀਤੀ ਗਈ ਇਹ ਕਾਮੇਡੀ ਡ੍ਰਾਮੈਟਿਕ ਫਿਲਮ ਬਾਕਸ-ਆਫਿਸ ਅਤੇ ਦਰਸ਼ਕ ਦੋਨੋਂ ਦੀਆਂ ਆਸ਼ਾਵਾਂ ਉਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰ ਸਕੀ।
ਸਤਿੰਦਰ ਸਰਤਾਜ
ਸਾਲ 2023 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਕਲੀ ਜੋਟਾ’ ਦੀ ਸੁਪਰ ਡੁਪਰ ਸਫਲਤਾ ਨਾਲ ਇੱਕਦਮ ਸਟਾਰ ਅਦਾਕਾਰ ਵਜੋਂ ਅਪਣੀ ਉਪ-ਸਥਿਤੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ, ਜਿੰਨ੍ਹਾਂ ਦੀ ਇਸ ਮੌਜੂਦਾ ਵਰ੍ਹੇ ਰਿਲੀਜ਼ ਹੋਈ ‘ਹੁਸ਼ਿਆਰ ਸਿੰਘ’ (ਅਪਣਾ ਅਰਸਤੂ) ਵੀ ਬਾਕਸ-ਆਫਿਸ ਉਤੇ ਰੰਗ ਵਿਖਾਉਣ ‘ਚ ਅਸਫ਼ਲ ਰਹੀ, ਹਾਲਾਂਕਿ ਇਸ ਦੇ ਪ੍ਰਚਾਰ ਪ੍ਰਸਾਰ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਪਰ ਇਸ ਦੇ ਬਾਵਜੂਦ ਇਹ ਫਿਲਮ ਦਰਸ਼ਕਾਂ ਨੂੰ ਜਿਆਦਾ ਪਸੰਦ ਨਹੀਂ ਆਈ, ਜਿਸ ਨਾਲ ਇਸ ਹੋਣਹਾਰ ਫ਼ਨਕਾਰ ਅਤੇ ਅਦਾਕਾਰ ਦੀ ਸਿਨੇਮਾ ਸਥਿਤੀ ਨੂੰ ਕਾਫ਼ੀ ਸੱਟ ਵੱਜੀ ਹੈ, ਜਿੰਨ੍ਹਾਂ ਦੀ ਇਸ ਤੋਂ ਬਾਅਦ ਹਾਲ ਫਿਲਹਾਲ ਕੋਈ ਫਿਲਮ ਸੈੱਟ ਉਤੇ ਨਹੀਂ ਪੁੱਜੀ।
ਬੱਬੂ ਮਾਨ
ਸਾਲ 2024 ਦੇ ਆਖ਼ਿਰ ਵਿੱਚ ‘ਸੁੱਚਾ ਸੂਰਮਾ’ ਜਿਹੀ ਹਿੱਟ ਫਿਲਮ ਦੇਣ ਵਾਲੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਬੱਬੂ ਮਾਨ ਵੀ ਇਸ ਚਾਲੂ ਵਰ੍ਹੇ ਅਪਣਾ ਜਲਵਾ ਬਰਕਰਾਰ ਰੱਖਣ ਵਿੱਚ ਅਸਫ਼ਲ ਰਹੇ ਹਨ, ਜਿੰਨ੍ਹਾਂ ਦੀ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ ਵੀ ਬਾਕਸ-ਆਫਿਸ ਉਪਰ ਫਲਾਪ ਸਾਬਿਤ ਹੋਈ ਹੈ, ਜਿਸ ਨਾਲ ਇਸ ਬਿਹਤਰੀਨ ਗਾਇਕ ਦੇ ਬਤੌਰ ਅਦਾਕਾਰ ਤੇਜ਼ੀ ਫੜਦੇ ਜਾ ਰਹੇ ਫਿਲਮ ਕਰੀਅਰ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਗੁਰੂ ਰੰਧਾਵਾ
ਸੰਗੀਤਕ ਗਲਿਆਰਿਆਂ ਵਿੱਚ ਸਨਸਨੀ ਬਣ ਉਭਰੇ ਗਾਇਕ ਗੁਰੂ ਰੰਧਾਵਾ ਵੀ ਬਤੌਰ ਅਦਾਕਾਰ ਸਿਨੇਮਾ ਗਲਿਆਰਿਆਂ ਵਿੱਚ ਬਹੁਤੇ ਅਸਰਦਾਇਕ ਸਾਬਿਤ ਹੁੰਦੇ ਨਜ਼ਰੀ ਨਹੀਂ ਆ ਰਹੇ ਹਨ, ਜਿੰਨ੍ਹਾਂ ਦੀ ਬੀਤੇ ਸਾਲ ਰਿਲੀਜ਼ ਹੋਈ ‘ਸ਼ਾਹਕੋਟ’ ਤੋਂ ਬਾਅਦ ਹੁਣ ਤਾਜ਼ਾ ਪ੍ਰਦਸ਼ਿਤ ਹੋਈ ‘ਸ਼ੌਂਕੀ ਸਰਦਾਰ’ ਵੀ ਦਰਸ਼ਕਾਂ ਦੇ ਮੰਨੋਰੰਜਨ ਸ਼ੌਂਕ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ, ਜਿਸ ਦਰਮਿਆਨ ਹੀ ਉਨ੍ਹਾਂ ਦੀ ਨਿਰਮਾਣ ਅਧੀਨ ਨਵੀਂ ਪੰਜਾਬੀ ਫਿਲਮ ‘ਸ਼ੁੱਧ ਵੇਸ਼ਨੂੰ ਡਾਕਾ’ ਵੀ ਅੱਧ ਵਿਚਕਾਰ ਲਟਕ ਗਈ ਹੈ, ਜਿਸ ਦੀ ਇੱਕ ਸ਼ੈਡਿਊਲ ਬਾਅਦ ਸ਼ੂਟਿੰਗ ਫਿਲਹਾਲ ਅੱਗੇ ਨਹੀਂ ਵਧਾਈ ਗਈ।
ਸੰਖੇਪ: ਬੱਬੂ ਮਾਨ ਦੀ ਫਿਲਮ ‘ਸ਼ੌਂਕੀ ਸਰਦਾਰ‘ ਬਾਕਸ ਆਫਿਸ ਤੇ ਕਮਾਈ ਵਿੱਚ ਨਾਕਾਮ ਰਹੀ। ਵੱਡੇ ਸਿਤਾਰੇ ਵੀ ਇਸ ਫਿਲਮ ਨਾਲ ਸਫਲ ਨਹੀਂ ਹੋ ਸਕੇ।