29 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ‘ਮਿੱਤਰਾਂ ਦੀ ਛੱਤਰੀ’, ‘ਮਿੱਤਰਾਂ ਨੂੰ ਸ਼ੌਂਕ ਹੱਥਿਆਰਾਂ ਦਾ’ ਅਤੇ ‘ਸੌਣ ਦੀ ਝੜੀ’ ਵਰਗੇ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲੈਣ ਵਾਲੇ ਪੰਜਾਬੀ ਗਾਇਕ ਬੱਬੂ ਮਾਨ ਅੱਜ 29 ਮਾਰਚ ਨੂੰ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਹੁਣ ਗਾਇਕ ਦੇ ਇਸ ਖਾਸ ਦਿਨ ਉਤੇ ਅਸੀਂ ਤੁਹਾਨੂੰ ਸਟਾਰ ਬਾਰੇ ਕੁੱਝ ਅਜਿਹੀਆਂ ਗੱਲਾਂ ਦੱਸਾਂਗੇ, ਜੋ ਯਕੀਨਨ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ।
ਗਾਇਕ ਬੱਬੂ ਮਾਨ ਦਾ ਅਸਲੀ ਨਾਂਅ
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਗਾਇਕ ਬੱਬੂ ਮਾਨ ਦਾ ਅਸਲੀ ਨਾਂਅ ਬੱਬੂ ਨਹੀਂ ਬਲਕਿ ਤੇਜਿੰਦਰ ਸਿੰਘ ਹੈ। 29 ਮਈ 1975 ਨੂੰ ਗਾਇਕ ਦਾ ਜਨਮ ਪੰਜਾਬ ਦੇ ਜ਼ਿਲ੍ਹੇ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟ ਮਾਨਪੁਰ ਵਿੱਚ ਹੋਇਆ ਹੈ।
ਬੱਬੂ ਮਾਨ ਦਾ ਸਭ ਤੋਂ ਜਿਆਦਾ ਪਸੰਦ ਕੀਤਾ ਜਾਣ ਵਾਲਾ ਗੀਤ
ਭਾਵੇਂ ਕਿ ਮਾਨਾਂ ਦੇ ਮਾਣ ਬੱਬੂ ਮਾਨ ਦੇ ਸਾਰੇ ਗੀਤ ਹੀ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ, ਪਰ ਗਾਇਕ ਬੱਬੂ ਮਾਨ ਦਾ ਗੀਤ ‘ਮਿੱਤਰਾਂ ਦੀ ਛੱਤਰੀ’ ਉਹਨਾਂ ਦਾ ਸਭ ਤੋਂ ਜਿਆਦਾ ਪਸੰਦ ਕੀਤਾ ਜਾਣ ਵਾਲਾ ਗੀਤ ਹੈ, ਜੋ ਅੱਜ ਵੀ ਹਰ ਵਿਆਹ ਵਿੱਚ ਵੱਜਦਾ ਹੈ ਅਤੇ ਹਰ ਇੱਕ ਨੂੰ ਨੱਚਣ ਲਈ ਮਜ਼ਬੂਰ ਕਰਦਾ ਹੈ।
ਬੱਬੂ ਮਾਨ ਦੀ ਪਹਿਲੀ ਫਿਲਮ ‘ਹਵਾਏਂ’ ਉਤੇ ਵਿਵਾਦ
ਗਾਇਕ ਬੱਬੂ ਮਾਨ ਦੀ ਪਹਿਲੀ ਪੰਜਾਬੀ ਫਿਲਮ ‘ਹਵਾਏਂ’ ਸੀ, ਜੋ ਕਿ 2003 ਵਿੱਚ ਰਿਲੀਜ਼ ਹੋਈ ਸੀ, ਇਸ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਗਾਇਕ ਨੂੰ ਕਾਫੀ ਵਿਵਾਦ ਦਾ ਸਾਹਮਣਾ ਕਰਨਾ ਪਿਆ ਸੀ, ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 1984 ਦੇ ਦੌਰ ਉਤੇ ਆਧਾਰਿਤ ਹੈ।
ਬਾਲੀਵੁੱਡ ਫਿਲਮਾਂ ਵਿੱਚ ਬੱਬੂ ਮਾਨ ਦੇ ਗੀਤ
ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੋਵੇਗੀ ਕਿ ਆਪਣੀ ਗਾਇਕੀ ਦੀ ਸ਼ੁਰੂਆਤ ਤੋਂ ਕੁੱਝ ਸਾਲ ਬਾਅਦ ਹੀ ਇਸ ਪੰਜਾਬੀ ਗਾਇਕ ਨੇ ਬਾਲੀਵੁੱਡ ਫਿਲਮ ਲਈ ਆਪਣਾ ਪਹਿਲਾਂ ਗਾਣਾ ਦਿੱਤਾ ਸੀ, ਜੀ ਹਾਂ…2003 ਵਿੱਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਦੀ ਫਿਲਮ ‘ਚਲਤੇ ਚਲਤੇ’ ਵਿੱਚ ਗਾਇਕ ਸੁਖਵਿੰਦਰ ਸਿੰਘ ਨੇ ਗੀਤ ਗਾਇਆ, ਜਿਸ ਦਾ ਨਾਂਅ ਸੀ ‘ਲਾਈ ਵੀ ਨਾ ਗਈ’, ਇਸ ਗੀਤ ਨੂੰ ਗਾਇਕ ਬੱਬੂ ਮਾਨ ਨੇ ਲਿਖਿਆ ਸੀ।
ਕਿਸ ਗਾਇਕ ਦੇ ਫੈਨ ਨੇ ਬੱਬੂ ਮਾਨ
ਅਕਸਰ ਹੀ ਜਦੋਂ ਗਾਇਕ ਬੱਬੂ ਮਾਨ ਤੋਂ ਉਹਨਾਂ ਦੇ ਪਸੰਦ ਦੇ ਗਾਇਕ ਬਾਰੇ ਪੁੱਛਿਆ ਜਾਂਦਾ ਹੈ, ਤਾਂ ਉਹ ਕਹਿੰਦੇ ਹਨ ਕਿ ਉਹ ਮੁਹੰਮਦ ਰਫ਼ੀ ਸਾਹਿਬ ਦੇ ਬਹੁਤ ਵੱਡੇ ਫੈਨ ਹਨ, ਇਸ ਤੋਂ ਇਲਾਵਾ ਉਹਨਾਂ ਨੂੰ ਗੁਰਦਾਸ ਮਾਨ, ਆਸ਼ਾ ਭੌਂਸਲੇ, ਸੁਖਵਿੰਦਰ ਸਿੰਘ ਅਤੇ ਮੁਹੰਮਦ ਸਦੀਕ ਵੀ ਕਾਫੀ ਪਸੰਦ ਹਨ।
ਗਾਇਕ ਦੇ ਨਾਂਅ ਉਤੇ ਖੁੱਲ੍ਹੇ ਹੋਏ ਨੇ ਸਟੋਰ
ਉਲੇਖਯੋਗ ਹੈ ਕਿ ਗਾਇਕ ਬੱਬੂ ਮਾਨ ਬਾਰੇ ਇੱਕ ਹੋਰ ਕਾਫੀ ਰੌਚਿਕ ਗੱਲ ਹੈ, ਦਰਅਸਲ, ਪੰਜਾਬ ਦੇ ਕਈ ਸ਼ਹਿਰਾਂ ਵਿੱਚ ਗਾਇਕ ਦੇ ਨਾਂਅ ਉਤੇ ਸਟੋਰ ਖੁੱਲ੍ਹੇ ਹੋਏ ਹਨ, ਜਿਹਨਾਂ ਦਾ ਨਾਂਅ “The Babbu Maan Store” ਹੈ, ਇਹਨਾਂ ਸਟੋਰਾਂ ਤੋਂ ਜੋ ਕਮਾਈ ਹੁੰਦੀ ਹੈ, ਉਹ ਐਨਜੀਓ ਨੂੰ ਜਾਂਦੀ ਹੈ।
ਗਲੇ ਵਿੱਚ ਹਮੇਸ਼ਾ ਕਿਉਂ ਮਫ਼ਲਰ ਪਾ ਕੇ ਰੱਖਦੇ ਨੇ ਬੱਬੂ ਮਾਨ
ਬੱਬੂ ਮਾਨ ਦੇ ਗਲੇ ਵਿੱਚ ਅਕਸਰ ਹੀ ਮਫ਼ਲਰ ਦੇਖਿਆ ਜਾਂਦਾ ਹੈ, ਪਰ ਉਹ ਅਜਿਹਾ ਕਿਉਂ ਕਰਦੇ ਹਨ, ਇਸ ਬਾਰੇ ਗਾਇਕ ਨੇ ਇੱਕ ਸ਼ੋਅ ਦੌਰਾਨ ਖੁਦ ਖੁਲਾਸਾ ਕੀਤਾ ਹੈ। ਗਾਇਕ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਹਮੇਸ਼ਾ ਮਫ਼ਲਰ ਪਾਉਂਦੇ ਸਨ, ਆਪਣੇ ਪਿਤਾ ਦਾ ਇਹ ਸਟਾਈਲ ਬੱਬੂ ਮਾਨ ਨੂੰ ਕਾਫੀ ਪਸੰਦ ਸੀ। ਆਪਣੇ ਪਿਤਾ ਨੂੰ ਫਾਲੋ ਕਰਦੇ ਹੋਏ ਗਾਇਕ ਨੇ ਇਹ ਸਟਾਈਲ ਅਪਣਾਇਆ।
ਇੱਕ ਵਾਰ ਬੱਬੂ ਮਾਨ ਨੂੰ ਜਾਣਾ ਪਿਆ ਸੀ ਜੇਲ੍ਹ
ਇੱਕ ਵਾਰ ਇੱਕ ਪ੍ਰੋਮੋਟਰ ਦੀ ਗਲਤੀ ਕਾਰਨ ਗਾਇਕ ਬੱਬੂ ਮਾਨ ਨੂੰ ਫਿਲੀਪੀਨਜ਼ ਵਿਖੇ ਜੇਲ੍ਹ ਜਾਣਾ ਪਿਆ। ਪਰ ਜੇਲ੍ਹ ਵਿੱਚ ਵੀ ਗਾਇਕ ਦੇ ਨਾਲ ਇੱਕ ਅਨੌਖੀ ਘਟਨਾ ਵਾਪਰੀ, ਜੋ ਕਿ ਗਾਇਕ ਲਈ ਕਾਫੀ ਜਿਆਦਾ ਭਾਵਕ ਸੀ, ਦਰਅਸਲ, ਜਦੋਂ ਉਹ ਜੇਲ੍ਹ ਵਿੱਚ ਗਏ ਤਾਂ ਉਹਨਾਂ ਨੂੰ ਉੱਥੇ ਕਈ ਪੰਜਾਬੀ ਮਿਲੇ, ਜਿੰਨ੍ਹਾਂ ਨੇ ਦੀਵਾਰ ਉਤੇ ਇੱਕ ਪੋਸਟਰ ਲਾਇਆ ਹੋਇਆ ਸੀ, ਜਿਸ ਉਤੇ ‘ਇਸ਼ਕਪੁਰਾ’ ਲਿਖਿਆ ਹੋਇਆ ਸੀ। ਇਸ ਨੂੰ ਦੇਖਣ ਤੋਂ ਬਾਅਦ ਗਾਇਕ ਕਾਫੀ ਇਮੋਸ਼ਨ ਹੋ ਗਏ।
ਸੰਖੇਪ: ਬੱਬੂ ਮਾਨ ਗਲੇ ‘ਚ ਮਫ਼ਲਰ ਕਿਉਂ ਪਾਉਂਦੇ ਨੇ? ਜੇਲ੍ਹ ਜਾਣ ਤੋਂ ਲੈਕੇ ਹੋਰ ਅਣਸੁਣੀਆਂ ਗੱਲਾਂ ਜ਼ਰੂਰ ਜਾਣੋ!