ਬਰਨਾਲਾ, 8 ਮਈ (ਪੰਜਾਬੀ ਖ਼ਬਰਨਾਮਾ): ਸਿਹਤ ਵਿਭਾਗ ਬਰਨਾਲਾ ਵੱਲੋਂ “ਵਿਸ਼ਵ ਥੈਲੇਸੀਮੀਆ ਦਿਵਸ” ਨੂੰ ਸਮਰਪਿਤ ਥੈਲੇਸੀਮੀਆ ਰੋਗ ਪ੍ਰਤੀ ਜਾਗਰੂਕ ਕਰਨ ਲਈ 8 ਮਈ ਤੋਂ 17 ਮਈ ਤੱਕ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ.ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਥੈਲੇਸੀਮੀਆ ਦੇ ਰੋਗ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਤਾਂ ਜੋ ਕੋਈ ਵੀ ਬੱਚਾ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਨਾ ਹੋਵੇ।

 ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਤਪਿੰਦਰਜੋਤ ਕੌਸਲ ਨੇ ਦੱਸਿਆ ਕਿ ਥੈਲੇਸੀਮੀਆ ਇਕ ਜਮਾਂਦਰੂ ਬਿਮਾਰੀ ਹੈ।ਜਿਸ ਦੇ ਵੱਧਣ ਦਾ ਮੁੱਖ ਕਾਰਨ ਲੋਕਾਂ ਅੰਦਰ ਜਾਗਰੂਕਤਾ ਦੀ ਘਾਟ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਵਿਆਹ ਤੋਂ  ਪਹਿਲਾਂ  ਵਿਆਹਯੋਗ ਲੜਕੇ ਲੜਕੀਆਂ ਨੂੰ ਆਪਣਾ HBA-2 ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਥੈਲਸੀਮੀਆ ਖੂਨ ਦੀ ਗੰਭੀਰ ਅਨੁਵੰਸ਼ਿਕ ਬਿਮਾਰੀ ਹੈ। ਜਿਸ ਵਿੱਚ ਪੀੜਤ ਵਿਅਕਤੀ 'ਚ ਖੂਨ ਦੇ ਲਾਲ ਸੈਲ ਬਣਾਉਣ ਦੀ ਸ਼ਕਤੀ ਘੱਟ ਜਾਂ ਖਤਮ ਹੋ ਜਾਂਦੀ  ਹੈ।

ਡਾ. ਕਰਨਦੀਪ ਸਿੰਘ ਮੈਡੀਸਨ ਮਾਹਿਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਇਸ ਬਿਮਾਰੀ ਦਾ ਪ੍ਰਮੁੱਖ ਲੱਛਣ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿੱਚ ਦੇਰੀ , ਜਿਆਦਾ ਕਮਜੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿੱਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪਿਸ਼ਾਬ ਗਾੜਾ ਆਉਣਾ ਅਤੇ ਜਿਗਰ ਤੇ ਤਿੱਲੀ ਦੇ ਆਕਾਰ ਵੱਧਣਾ ਆਦਿ ਸ਼ਾਮਿਲ ਹਨ।

ਸ੍ਰੀਮਤੀ ਸੁਖਪਾਲ ਕੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਨੇ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਇਲਾਜ ‘ਚ ਪੀੜਤ ਵਿਅਕਤੀ ਨੂੰ ਹਰ 10 -15 ਦਿਨਾਂ ਬਾਅਦ ਖੂਨ ਚੜਾਉਣ ਦੀ ਜਰੂਰਤ ਹੁੰਦੀ ਹੈ ।ਸਾਰੇ ਥੈਲੇਸੀਮੀਆ ਮਰੀਜਾਂ ਦਾ ਇਲਾਜ ਸਿਵਲ ਹਸਪਤਾਲ ਬਰਨਾਲਾ ਵਿਖੇ ਮੁਫਤ ਕੀਤਾ ਜਾਂਦਾ ਹੈ ਅਤੇ ਟੈਸਟ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲ ਲੁਧਿਆਣਾ,ਹੁਸਿਆਰਪੁਰ,ਗੁਰਦਾਸਪੁਰ,ਜਲੰਧਰ ਅਤੇ ਏਮਜ਼ ਬਠਿੰਡਾ ਵਿਖੇ ਮੁਫਤ ਕੀਤਾ ਜਾਂਦਾ ਹੈ।

ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਸਿਵਾਨੀ ਅਰੋੜਾ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਸਹੂਲਤ ਲਈ ਸਾਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਕਿ ਜੇਕਰ ਬੱਚੇ ਦਾ ਤਿੰਨ ਮਹੀਨੇ ਤੱਕ ਆਇਰਨ ਫੌਲਿਕ ਐਸਿਡ ਗੋਲੀਆਂ ਜਾਂ ਪੀਣ ਵਾਲੀ ਦਵਾਈ ਲੈਣ ਨਾਲ ਖੂਨ ਦਾ ਲੈਵਲ 7 ਤੋਂ 9 ਗਰਾਮ ਤੋਂ ਵੱਧ ਨਹੀਂ ਹੁੰਦਾ ਤਾਂ ਉਸਦਾ ਐਚ.ਪੀ.ਐਲ.ਸੀ. ਟੈਸਟ ਕਰਵਾਉਣਾ ਚਾਹੀਦਾ ਹੈ।ਹਰ ਗਰਭਵਤੀ ਔਰਤਾਂ ਨੂੰ ਵੀ ਪਹਿਲੇ ਤਿੰਨ ਮਹੀਨਿਆਂ ਦੌਰਾਨ ਐਚ.ਪੀ. ਐਲ.ਸੀ. ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਥੈਲੇਸੀਮੀਆ ਮੁਕਤ ਪੰਜਾਬ ਬਣਾ ਸਕੀਏ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।