12 ਅਗਸਤ 2024 : ਕੇਂਦਰੀ ਮੰਤਰੀ ਨਿਤਿਨ ਗਡਕਰੀ( Nitin Gadkari) ਵੱਲੋਂ ਪੰਜਾਬ ਵਿੱਚ ਬੰਦ ਹੋਣ ਕਿਨਾਰੇ ਚੱਲ ਰਹੇ ਨੈਸ਼ਨਲ ਹਾਈਵੇ ਪ੍ਰਾਜੈਕਟਾਂ(National Highway projects) ਬਾਰੇ ਮੁੱਖ ਮੰਤਰੀ ਭਗਵਤ ਮਾਨ(Bhagwant mann) ਨੂੰ ਲਿਖੇ ਪੱਤਰ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੋਰ ਸਾਰੇ ਗੈਰ- ਜ਼ਰੂਰੀ ਪ੍ਰੋਜੈਕਟ ਤੇ ਕੰਮ ਛੱਡ ਕੇ ਪਹਿਲਾਂ ਇਨਾਂ ਪ੍ਰੋਜੈਕਟਾਂ ‘ਤੇ ਧਿਆਨ ਦਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਇਹ ਸਮਝਣਾ ਪਵੇਗਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਵਿਕਾਸ ਦਾ ਦਰਿਆ ਵਹਾਉਣਾ ਚਾਹੁੰਦੀ ਹੈ ਅਤੇ ਤੁਸੀਂ ਉਨ੍ਹਾਂ ਦਰਿਆਵਾਂ ਦੇ ਰਾਹ ਵਿੱਚ ਰੋੜਾ ਬਣ ਰਹੇ ਹੋ। ਇਹ ਰੁਕਾਵਟਾਂ ਸਾਡੀ ਭਵਿੱਖੀ ਪੀੜ੍ਹੀ ਨੂੰ ਖ਼ਤਰੇ ਵਿੱਚ ਪਾ ਰਹੀਆਂ ਹਨ, ਜਿਸ ਕਾਰਨ 3263 ਕਰੋੜ ਰੁਪਏ ਦੀ ਲਾਗਤ ਵਾਲੇ 104 ਕਿਲੋਮੀਟਰ ਦੀ ਲੰਬਾਈ ਵਾਲੇ ਤਿੰਨ ਪ੍ਰਾਜੈਕਟ ਰੱਦ ਹੋ ਗਏ ਹਨ ਅਤੇ 293 ਕਿਲੋਮੀਟਰ ਦੀ ਲੰਬਾਈ ਵਾਲੇ 14,288 ਕਰੋੜ ਰੁਪਏ ਦੇ ਅੱਠ ਹੋਰ ਪ੍ਰਾਜੈਕਟ ਰੱਦ ਹੋਣ ਦਾ ਖਤਰਾ ਬਣਿਆ ਹੋਇਆ ਹੈ . ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਜ਼ਮੀਨ ਐਕਵਾਇਰ ਕਰਕੇ ਦੇਣੀ ਹੈ ਜਿਸ ਲਈ ਉਨ੍ਹਾਂ ਨੂੰ ਸਰਵਿਸ ਚਾਰਜਿਜ਼ ਵੀ ਮਿਲਣਾ ਹੈ ਪਰ ਫਿਰ ਵੀ ਸਰਕਾਰ ਚੁੱਪ ਹੈ | ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਮੁੱਖ ਮੰਤਰੀ ਵੱਲੋਂ ਪ੍ਰਸ਼ਾਸਨ ਅਤੇ ਅਮਨ-ਕਾਨੂੰਨ ਦੀ ਸਥਿਤੀ ਇਸ ਹੱਦ ਤੱਕ ਵਿਗੜਨ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਇਸ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਵਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਖਲ ਦੀ ਮੰਗ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਇਸ ਗੱਲ ਦਾ ਸੰਕੇਤ ਹੈ ਕਿ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਸੂਬੇ ਨੂੰ ਸੰਭਾਲਣ ਵਿੱਚ ਅਸਫਲ ਰਹੇ ਹਨ। ਇਸ ਲਈ ਮਾਨ ਨੂੰ ਆਪਣੀ ਸੌੜੀ ਸਿਆਸਤ ਛੱਡ ਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਵੱਲ ਕਦਮ ਚੁੱਕਣੇ ਚਾਹੀਦੇ ਹਨ।