12 ਅਗਸਤ 2024 : ਅਸਾਮ ਦੇ ਕੋਕਰਾਝਾਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੋਸਾਈਗਾਂਵ ਥਾਣੇ ਅਧੀਨ ਪੈਂਦੇ ਕਚੂਗਾਓਂ ’ਚ ਨੈਸ਼ਨਲ ਹਾਈਵੇਅ 27 ‘ਤੇ ਮਹਾਮਾਇਆ ਮੰਦਰ ਨੇੜੇ ਤੇਜ਼ ਰਫਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਟੱਕਰ ਮਾਰ ਦਿੱਤੀ, ਜਿਸ ’ਚ 5 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਡਰਾਈਵਰ ਮੌਕੇ ਤੋਂ ਵਾਹਨ ਸਮੇਤ ਫ਼ਰਾਰ ਹੋ ਗਿਆ ਅਤੇ ਅੱਗੇ ਜਾ ਕੇ ਬਿਸ਼ਮੂਰੀ ਵਿਖੇ ਇਕ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਕਾਰ ਵਿੱਚ ਸਵਾਰ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ ਹਨ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |