ਤਰਨ ਤਾਰਨ, 07 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਕੈਟਲ ਪਾਉਂਡ ਦੁਬਲੀ ਦਾ ਦੌਰਾ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਗਊ ਧੰਨ ਦੀ ਸਾਂਭ-ਸੰਭਾਲ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਚੇਅਰਮੈਨ ਸ੍ਰੀ ਅਸ਼ੋਕ ਸਿੰਗਲਾ ਦੇ ਸਵਾਗਤ ਲਈ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਮਨੀਸ਼ ਕੁਮਾਰ ਗੁਪਤਾ ਅਤੇ ਹੋਰ ਅਧਿਕਾਰੀ, ਨਾਮੀਂ ਗਉ ਸੇਵਕ ਸ਼੍ਰੀ ਕੁਲਦੀਪ ਬੇਦੀ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿੰਡ ਵਾਸੀਆਂ ਅਤੇ ਕੁਲਦੀਪ ਬੇਦੀ ਵੱਲੋਂ ਕੈਟਲ ਪੌਂਡ ਦੁਬਲੀ ਵਿੱਚ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਚੇਅਰਮੈਨ ਗਊ ਸੇਵਾ ਕਮਿਸ਼ਨ ਨਾਲ ਸਾਂਝੀ ਕੀਤੀ ਗਈ । ਚੇਅਰਮੈਨ ਸਾਹਿਬ ਨੇ ਇਹਨਾਂ ਸਾਰੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੱਲ ਕਰਨ ਦਾ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਅਤੇ ਕਿਹਾ ਕਿ ਸਾਨੂੰ ਸਾਰੇ ਜਾਗਰੂਕ ਨਾਗਰਿਕਾਂ ਨੂੰ ਗਊ ਧੰਨ ਪ੍ਰਤੀ ਆਪਣਾ ਫਰਜ ਨਿਭਾਉਂਦਿਆਂ ਹੋਇਆਂ ਗਊ ਸੇਵਾ ਵਿੱਚ ਹੋਰ ਯੋਗਦਾਨ ਪਾਉਣਾ ਚਾਹੀਦਾ ਹੈ।
ਚੇਅਰਮੈਨ ਸ੍ਰੀ ਅਸ਼ੋਕ ਸਿੰਗਲਾ ਵੱਲੋਂ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ( ਵਿਕਾਸ) ਸ੍ਰੀ ਸੰਜੀਵ ਕੁਮਾਰ ਜੀ ਨੇ ਵੱਖ-ਵੱਖ ਅਧਿਕਾਰੀਆਂ ਤੋਂ ਰਿਪੋਰਟ ਲੈਂਦਿਆਂ ਕਿਹਾ ਕਿ ਕੈਟਲ ਪਾਉਂਡ ਦੁਬਲੀ ਵਿੱਚ ਚਾਰੇ ਦੀ ਕਮੀ ਬਿਲਕੁਲ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਉੱਥੇ ਟਰੈਕਟਰ ਵੀ ਛੇਤੀ ਉਪਲਬਧ ਕਰਵਾ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਗਊ ਧੰਨ ਦੀ ਸਾਂਭ ਸੰਭਾਲ ਲਈ ਪੰਚਾਇਤੀ ਰਾਜ ਵਿਭਾਗ ਵੱਲੋਂ ਕੈਟਲ ਪਾਉਂਡ ਵਿੱਚ ਇੱਕ ਨਵਾਂ ਸ਼ੈਡ ਛੇਤੀ ਤਿਆਰ ਕਰ ਦਿੱਤਾ ਜਾਵੇਗਾ। ਕੈਟਲ ਪਾਉਂਡ ਦੇ ਪ੍ਰਬੰਧ ਨੂੰ ਹੋਰ ਵਧੀਆ ਕਰਨ ਲਈ ਪਬਲਿਕ ਦੇ ਪੰਜ ਨੁਮਾਇੰਦਿਆਂ ਦੀ ਕਮੇਟੀ ਬਣਾਉਣ ਦੀ ਤਜਵੀਜ ਵੀ ਮੀਟਿੰਗ ਵਿੱਚ ਮਨਜ਼ੂਰ ਕੀਤੀ ਗਈ।
ਮੀਟਿੰਗ ਵਿੱਚ ਹਾਜ਼ਰ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੇ ਗਊ ਸੈਸ ਸਬੰਧੀ ਰਿਪੋਰਟ ਪੇਸ਼ ਕੀਤੀ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਵਾਇਆ ਕਿ ਗਊ ਸੈਸ ਨੂੰ ਗਊ ਧੰਨ ਦੇ ਰੱਖ ਰਖਾਵ ਲਈ ਵਰਤਿਆ ਜਾਵੇਗਾ।