29 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਗਾਇਕੀ ਦੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰ ਚੁੱਕੇ ਹਨ ਗਾਇਕ ਅਰਜਨ ਢਿੱਲੋਂ, ਜਿੰਨ੍ਹਾਂ ਨੇ ਆਪਣਾ ਨਵਾਂ ਗਾਣਾ ‘ਜਿੰਦੇ’ ਮਹਾਨ ਸ਼ਾਇਰ ਰਹੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਰਿਲੀਜ਼ ਕੀਤਾ ਜਾਵੇਗਾ।
‘ਪੰਜ+ਆਬ ਰਿਕਾਰਡਸ’ ਅਤੇ ‘ਹਰਵਿੰਦਰ ਸਿੱਧੂ’ ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਅਰਜਨ ਢਿੱਲੋਂ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਸ਼ਿਵ ਕੁਮਾਰ ਬਟਾਲਵੀ ਵੱਲੋਂ ਹੀ ਸਿਰਜਨਾ ਹਨ, ਜਿੰਨ੍ਹਾਂ ਦੀ ਖੂਬਸੂਰਤ ਕਲਮਬੱਧਤਾ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਸੰਗੀਤ ਮੈਕਸਰਸੀ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੇ ਸੰਗੀਤ ਸੰਯੋਜਨ ਅਧੀਨ ਸਜੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਪ੍ਰਤੀਬਿੰਬ ਕਰਦੇ ਉਕਤ ਗੀਤ ਨੂੰ ਸ਼ਿਵ ਕੁਮਾਰ ਬਟਾਲਵੀ ਵੱਲੋਂ ਬੇਹੱਦ ਪ੍ਰਭਾਵੀ ਸ਼ਬਦਾਂ ਵਿੱਚ ਢਾਲਿਆ ਗਿਆ ਹੈ, ਜਿਸ ਦੇ ਇੱਕ ਇੱਕ ਸ਼ਬਦ ਵਿੱਚ ਉਨ੍ਹਾਂ ਦੀ ਭਾਵਪੂਰਨ ਰਹੀ ਲੇਖਣੀ ਦਾ ਅਸਰ ਅਤੇ ਅਹਿਸਾਸ ਇੱਕ ਵਾਰ ਮੁੜ ਇਸ ਨੂੰ ਵੇਖਣ ਅਤੇ ਸੁਣਨ ਵਾਲਿਆਂ ਨੂੰ ਮਹਿਸੂਸ ਹੋ ਰਿਹਾ ਹੈ।
ਹਾਲ ਹੀ ਵਿੱਚ ਸਾਹਮਣੇ ਲਿਆਂਦੇ ਅਪਣੇ ਕਈ ਗਾਣਿਆ ਨੂੰ ਲੈ ਕੇ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਰਜੁਨ ਢਿੱਲੋਂ, ਜੋ ਸ਼ਿਵ ਕੁਮਾਰ ਬਟਾਲਵੀ ਦੀ ਗੀਤਕਾਰੀ ਅਤੇ ਸ਼ਖਸ਼ੀਅਤ ਤੋਂ ਵੀ ਕਾਫ਼ੀ ਪ੍ਰਭਾਵਿਤ ਹਨ, ਜਿਸ ਸੰਬੰਧੀ ਅਪਣੇ ਮਨੋਭਾਵਾਂ ਦਾ ਪ੍ਰਗਟਾਵਾ ਉਹ ਗਾਹੇ ਬਗਾਹੇ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਕਰਵਾਉਂਦੇ ਵੀ ਆ ਰਹੇ ਹਨ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਬਿਹਤਰੀਨ ਵਜ਼ੂਦ ਅਧੀਨ ਤਰਾਸ਼ਿਆ ਅਤੇ ਸਿਰਜਿਆ ਗਿਆ ਹੈ। ਉਕਤ ਨਵੇਂ ਗੀਤ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਗਾਇਕ ਅਰਜਨ ਢਿੱਲੋਂ, ਜੋ ਇਸ ਉਪਰੰਤ ਅਪਣੇ ਕੁਝ ਹੋਰ ਮਿਆਰੀ ਅਤੇ ਸਦਾ ਬਹਾਰ ਗੀਤ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨਗੇ।
ਸੰਖੇਪ: ਅਰਜਨ ਢਿੱਲੋਂ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਨਵਾਂ ਗੀਤ ਰਿਲੀਜ਼ ਕੀਤਾ, ਜੋ ਪ੍ਰਸ਼ੰਸਕਾਂ ਵਿੱਚ ਕਾਫੀ ਚਾਹਤ ਹਾਸਲ ਕਰ ਰਿਹਾ ਹੈ।