ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਠੰਢ ਦਾ ਕਹਿਰ ਪੰਜਾਬ ਸਣੇ ਉੱਤਰ ਭਾਰਤ ਵਿਚ ਜਾਰੀ ਹੈ। ਫ਼ਿਲਹਾਲ ਸਰਦੀਆਂ ਦੀਆਂ ਛੁੱਟੀਆਂ ਸਕੂਲੀ ਵਿਦਿਆਰਥੀਆਂ ਨੂੰ 31 ਦਸੰਬਰ ਤੱਕ ਹਨ। ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਵਿਚ ਵਾਧਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲਾਂ ‘ਚ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਪਰ ਹੁਣ ਵਧ ਰਹੀ ਠੰਢ ਨੂੰ ਦੇਖਦੇ ਹੋਏ ਛੁੱਟੀਆਂ ਹੋਰ ਵਧ ਸਕਦੀਆਂ ਹਨ। ਪੰਜਾਬ ਵਿਚ ਸੀਤ ਲਹਿਰ ਚੱਲ ਰਹੀ ਹੈ। ਇਸ ਕਾਰਨ ਮਾਪੇ, ਅਧਿਆਪਕ ਤੇ ਵਿਦਿਆਰਥੀ ਪ੍ਰੇਸ਼ਾਨੀ ਵਿਚ ਹਨ ਅਤੇ ਸ਼ਾਇਦ ਇਸੇ ਪ੍ਰੇਸ਼ਾਨੀ ਕਰ ਕੇ ਪੰਜਾਬ ਸਰਕਾਰ ਵੀ ਛੁੱਟੀਆਂ ਬਾਰੇ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ।
ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਆਲੇ-ਦੁਆਲੇ ਚੱਕਰਵਾਤੀ ਤੂਫ਼ਾਨ ਦੇ ਚਲਦੇ ਸੂਬੇ ‘ਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਵਿਜ਼ੀਬਿਲਟੀ ਜ਼ੀਰੋ ਤਕ ਪਹੁੰਚ ਸਕਦੀ ਹੈ। ਪਹਾੜਾਂ ‘ਤੇ ਬਰਫ਼ਬਾਰੀ ਜਾਰੀ ਹੈ। ਜਿਸ ਕਾਰਨ ਵੀ ਪੰਜਾਬ ਅਤੇ ਚੰਡੀਗੜ੍ਹ ਵਿਚ ਠੰਢ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾਵੇਗੀ।
ਮੌਸਮ ਕੇਂਦਰ ਮੁਤਾਬਕ ਦਸੰਬਰ ਦੇ ਆਖ਼ਰੀ ਦਿਨਾਂ ‘ਚ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ‘ਚ ਬਾਰਿਸ਼ ਦੇਖਣ ਨੂੰ ਮਿਲੀ। 1 ਤੋਂ 6 ਜਨਵਰੀ ਦਰਮਿਆਨ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਜਿਸ ਦਾ ਅਸਰ ਪੱਛਮੀ ਹਿਮਾਲੀਅਨ ਪਰਬਤ ਲੜੀ ‘ਤੇ ਦੇਖਣ ਨੂੰ ਮਿਲੇਗਾ। ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ‘ਚ ਵੀ ਬਾਰਿਸ਼ ਹੋ ਸਕਦੀ ਹੈ। ਜਿਸ ਤੋਂ ਬਾਅਦ ਪੰਜਾਬ-ਚੰਡੀਗੜ੍ਹ ‘ਚ ਇਕ ਵਾਰ ਫਿਰ ਤਾਪਮਾਨ ‘ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਫਿਲਹਾਲ ਸਰਕਾਰ ਨੇ ਛੁੱਟੀਆਂ ਦੇ ਵਾਧੇ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਹੈ ਪਰ ਸੰਭਵ ਹੈ ਕਿ ਅੱਜ ਕੋਈ ਵੱਡੀ ਅਪਡੇਟ ਆ ਸਕਦੀ ਹੈ।