(ਪੰਜਾਬੀ ਖ਼ਬਰਨਾਮਾ):ਕਾਂਗਰਸ ਵੱਲੋਂ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਸੂਤਰਾਂ ਮੁਤਾਬਿਕ 9 ਵਜੇ ਖੁਦ ਮੁਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਆਪ ਵਿਚ ਸ਼ਾਮਲ ਕਰਵਾਉਣਗੇ।
ਕਾਂਗਰਸ ਤੋਂ ਨਰਾਜ਼ ਚੱਲ ਰਹੇ ਦਲਵੀਰ ਗੋਲਡੀ ਨੇ ਲੰਘੇ ਦਿਨ ਹੀ ਪਾਰਟੀ ਤੋਂ ਅਸਤੀਫਾ ਦਿੱਤਾ ਸੀ। ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਅਸਤੀਫ਼ਾ ਸਾਂਝਾ ਕਰਕੇ ਲਿਖਿਆ ਸੀ,ਭਰੇ ਮਨ ਨਾਲ ਮੈਂ ਅੱਜ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਮੇਰੇ ਸਕੇ ਸੰਬੰਧੀ ਅਤੇ ਜੋ ਵੀ ਮੈਨੂੰ ਨਿਜੀ ਤੌਰ ਤੇ ਮੇਰੇ ਸਾਥੀ ਜਾਣਦੇ ਹਨ ਓਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾਂ ਮੁਸ਼ਕਿਲ ਸੀ। ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ।
ਜ਼ਿਕਰ ਕਰ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਮਿਲਣ ਦੇ ਬਾਅਦ ਹੀ ਗੋਲਡੀ ਨਾਰਾਜ਼ ਚੱਲ ਰਹੇ ਸੀ। ਬੀਤੇ ਦਿਨ ਵੀ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਇਹ ਕਿਆਫੇ ਸਨ ਕਿ ਗੋਲਡੀ ਕਦੋਂ ਵੀ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ।
ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ, ਸੋਚਦੇ ਹਾਂ ਇੱਕ ਨਵਾਂ, ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ, ਲੱਭਦੇ ਰਹਾਂਗੇ ..!! ਰੁਕ ਗਈ ਇਸ ਜ਼ਿੰਦਗੀ ਨੂੰ, ਧੱਕੇ ਦੀ ਲੋੜ ਹੈ, ਇੱਕ ਵਾਰ ਚੱਲ ਪਏ – ਤਾਂ ਫਿਰ ਵਗਦੇ ਰਹਾਂਗੇ ..!! ਹਨੇਰਿਆਂ ਦੀ ਰਾਤ ਵਿੱਚ, ਚਾਨਣ ਦੀ ਲੋੜ ਹੈ, ਦੀਵੇ ਨਹੀਂ – ਜੁਗਨੂੰ ਸਹੀ, ਪਰ ਜਗਦੇ ਰਹਾਂਗੇ ..!
ਇਹ ਵੀ ਚਰਚਾਵਾਂ ਸਨ ਕਿ ਦਲਵੀਰ ਗੋਲਡੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਤੋਂ ਅਜੇ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਹੈ ਇਸ ਲਈ ਕਿਹਾ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਬਣਾ ਸਕਦੀ ਹੈ। ਪਰ ਹੁਣ ਸਵੇਰੇ 9 ਵਜੇ ਖੁਦ ਮੁੱਖਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣਗੇ।