ਨਵੀਂ ਦਿੱਲੀ(ਪੰਜਾਬੀ ਖਬਰਨਾਮਾ):– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਹੁਣ ਹਰ ਸਾਲ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾਵੇਗਾ। ਮਨ ਵਿੱਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਗ੍ਰਹਿ ਮੰਤਰੀ ਨੇ ਅਜਿਹਾ ਕਿਉਂ ਕਿਹਾ। ਦਰਅਸਲ, 25 ਜੂਨ 1975 ਨੂੰ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਸੀ। ਇਹੀ ਕਾਰਨ ਹੈ ਕਿ ਕਾਂਗਰਸ ਦੀ ਤਤਕਾਲੀ ਇੰਦਰਾ ਗਾਂਧੀ ਸਰਕਾਰ ਵੱਲੋਂ ਕੀਤੇ ਗਏ ਇਸ ਕਾਰੇ ਬਾਰੇ ਸਭ ਨੂੰ ਵਾਰ-ਵਾਰ ਯਾਦ ਕਰਵਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਅਮਿਤ ਸ਼ਾਹ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਰਾਹੀਂ ਇਹ ਐਲਾਨ ਕੀਤਾ।
ਕਾਂਗਰਸ ਪਾਰਟੀ ਨੇ ਵਾਰ-ਵਾਰ ਭਾਜਪਾ ‘ਤੇ ਪਿਛਲੀਆਂ ਲੋਕ ਸਭਾ ਚੋਣਾਂ ‘ਚ ਸੰਵਿਧਾਨ ਨੂੰ ਬਦਲਣ ਦਾ ਦੋਸ਼ ਲਗਾਇਆ ਹੈ। ਸਰਕਾਰ ਦੇ 400 ਨੂੰ ਪਾਰ ਕਰਨ ਦੇ ਨਾਅਰੇ ‘ਤੇ ਕਾਂਗਰਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੰਵਿਧਾਨ ਬਦਲਣ ਲਈ ਹੀ 400 ਸੀਟਾਂ ਚਾਹੀਦੀਆਂ ਹਨ। ਹੁਣ ਕਾਂਗਰਸ ਦੀ ਇਸ ਮੁਹਿੰਮ ਨੂੰ ਨੱਥ ਪਾਉਣ ਲਈ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ।