15 ਅਕਤੂਬਰ 2024 : ਮਹਾਰਾਸ਼ਟਰ ਸਰਕਾਰ ਨੇ ਅੱਜ ਮੁੰਬਈ ਵਿੱਚ ਦਾਖ਼ਲੇ ਲਈ ਸਾਰੇ ਪੰਜ ਟੌਲ ਬੂਥਾਂ ’ਤੇ ਹਲਕੇ ਮੋਟਰ ਵਾਹਨਾਂ ਲਈ ਟੌਲ ਫੀਸ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਇਹ ਫੈਸਲਾ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਸੂਬੇ ਦੇ ਮੰਤਰੀ ਮੰਡਲ ਦੀ ਅੱਜ ਸਵੇਰੇ ਇੱਥੇ ਹੋਈ ਮੀਟਿੰਗ ਵਿੱਚ ਟੌਲ ਫੀਸ ਖ਼ਤਮ ਕਰਨ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ਟੌਲ ਬੂਥਾਂ ’ਤੇ ਲੱਗਦੇ ਜਾਮ ਕਾਰਨ ਟੌਲ ਫੀਸ ਖ਼ਤਮ ਕਰਨ ਦੀ ਮੰਗ ਕੀਤੀ ਗਈ ਸੀ।’
ਅਧਿਕਾਰੀ ਨੇ ਦੱਸਿਆ ਕਿ ਇਹ ਕਦਮ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਆ ਗਿਆ ਹੈ। ਵਿਧਾਨ ਸਭਾ ਚੋਣਾਂ ਦਾ ਐਲਾਨ ਜਲਦੀ ਹੀ ਹੋਣ ਦੀ ਸੰਭਾਵਨਾ ਹੈ। ਟੌਲ ਫੀਸ ਖ਼ਤਮ ਕਰਨ ਨਾਲ ਦੀਵਾਲੀ ਤੋਂ ਪਹਿਲਾਂ ਮੁੰਬਈ ਵਿੱਚ ਆ ਰਹੇ ਅਤੇ ਉਸ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲਣ ਦੀ ਆਸ ਹੈ। ਯਾਤਰੀ ਪੰਜ ਬੂਥਾਂ – ਦਹੀਸਰ, ਐੱਲਬੀਐੱਸ ਰੋਡ-ਮੁਲੁੰਡ, ਈਸਟਰਨ ਐਕਸਪ੍ਰੈੱਸ ਹਾਈਵੇਅ-ਮੁਲੁੰਡ, ਐਰੋਲੀ ਕਰੀਕ ਬ੍ਰਿਜ ਅਤੇ ਵਾਸ਼ੀ ’ਤੇ ਟੌਲ ਫੀਸ ਦਿੱਤੇ ਬਿਨਾਂ ਸਫ਼ਰ ਕਰ ਸਕਣਗੇ। ਹਲਕੇ ਮੋਟਰ ਵਾਹਨਾਂ ਵਿੱਚ ਕਾਰ (ਹੈਚਬੈਕ, ਸੀਡਾਨ ਅਤੇ ਐੱਸਯੂਵੀ), ਜੀਪ, ਵੈਨ, ਆਟੋ ਰਿਕਸ਼ਾ, ਟੈਕਸੀ, ਡਲਿਵਰੀ ਵੈਨ ਅਤੇ ਛੋਟੇ ਟਰੱਕ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਛੇ ਲੱਖ ਤੋਂ ਵੱਧ ਵਾਹਨ ਰੋਜ਼ਾਨਾ ਮੁੰਬਈ ਦੀ ਹੱਦ ਪਾਰ ਕਰਦੇ ਹਨ। ਸ਼ਿੰਦੇ ਨੇ ਕਿਹਾ ਕਿ ਟੌਲ ਫੀਸ ਖ਼ਤਮ ਕਰਨ ਵਰਗੇ ਕਦਮ ਨਾਲ ਸਮਾਂ ਤੇ ਤੇਲ ਬਚੇਗਾ ਅਤੇ ਪ੍ਰਦੂਸ਼ਣ ਘੱਟ ਹੋਵੇਗਾ।