ਸ਼੍ਰੀ ਮਾਛੀਵਾੜਾ ਸਾਹਿਬ (ਪੰਜਾਬੀ ਖਬਰਨਾਮਾ) 27 ਮਈ : ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਿਆਂ ਮਾਛੀਵਾੜਾ ਦੇ ਰਹਿਣ ਵਾਲੇ ਸਾਬਕਾ ਬੀਪੀਈਓ ਮਾ. ਕੁਲਵੰਤ ਸਿੰਘ ਦਾ ਰਸਤੇ ’ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ 21 ਮਈ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਜੱਥੇ ਦੇ ਨਾਲ ਕੁਲਵੰਤ ਸਿੰਘ ਵੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ। ਮੁੱਖ ਅਸਥਾਨ ਗੋਬਿੰਦ ਧਾਮ ਤੋਂ ਲਗਪਗ ਅੱਧਾ ਕਿਲੋਮੀਟਰ ਪਿੱਛੇ ਉਨ੍ਹਾਂ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੋਈ ਤੇ ਉੱਥੇ ਹੀ ਉਨ੍ਹਾਂ ਆਖਰੀ ਸਾਹ ਲਏ। ਐਤਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ 10 ਵਜੇ ਉਨ੍ਹਾਂ ਦੇ ਮਾਛੀਵਾੜਾ ਸਥਿਤ ਗ੍ਰਹਿ ਵਿਖੇ ਲਿਆਂਦੀ ਗਈ ਜਿਨ੍ਹਾਂ ਦਾ 12 ਵਜੇ ਸਸਕਾਰ ਕਰ ਦਿੱਤਾ ਗਿਆ। ਸਵ. ਮਾਸਟਰ ਕੁਲਵੰਤ ਸਿੰਘ ਨਮਿੱਤ ਭੋਗ ਤੇ ਅੰਤਿਮ ਅਰਦਾਸ 2 ਜੂਨ ਦਿਨ ਐਤਵਾਰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਨੇੜੇ ਪੁਰਾਣੀ ਸਬਜੀ ਮੰਡੀ ਮਾਛੀਵਾੜਾ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ।