Amritsar News(ਪੰਜਾਬੀ ਖਬਰਨਾਮਾ) : ਅੰਮ੍ਰਿਤਸਰ ‘ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜਿਥੇ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕਰਕੇ ਨੂੰ ਨਿਯਮਾਂ ਬਾਰੇ ਸੁਚੇਤ ਕੀਤਾ ਜਾਂਦਾ ਹੈ, ਉਥੇ ਵੀਰਵਾਰ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਲੋਕਾਂ ਨੂੰ ਬਦਾਮ ਵੰਡੇ ਗਏ, ਤਾਂ ਜੋ ਲੋਕ ਨਿਯਮਾਂ ਪ੍ਰਤੀ ਸੁਚੇਤ ਰਹਿਣ ਤੇ ਗੱਡੀ ਦੇ ਕਾਗਜਾਤ ਘਰੇ ਨਾ ਭੁੱਲਣ। ਇਸ ਵਿਲੱਖਣ ਉਪਰਾਲੇ ਦੀ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ।
ਸਬ -ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਦੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਹਿੱਸਾ ਪਾਇਆ ਜਾਂਦਾ ਹੈ ਅਤੇ ਅੱਜ ਵੀ ਜੋ ਲੋਕ ਆਪਣੀ ਆਰ.ਸੀ. ਅਤੇ ਲਾਇਸੈਂਸ ਘਰ ਭੁੱਲ ਆਏ, ਉਨ੍ਹਾਂ ਨੂੰ ਯਾਦ ਦਿਵਾਉਣ ਅਤੇ ਯਾਦਦਾਸ਼ਤ ਵਧਾਉਣ ਲਈ ਬਦਾਮ ਵੰਡੇ ਗਏ ਹਨ, ਜਿਸ ਨਾਲ ਹੁਣ ਲੋਕ ਆਪਣੇ ਟ੍ਰੈਫਿਕ ਚੈਕਿੰਗ ਸਬੰਧੀ ਜ਼ਰੂਰੀ ਕਾਗਜਾਤ ਘਰੇ ਨਹੀਂ ਭੁੱਲਣਗੇ।
ਮੌਕੇ ‘ਤੇ ਲੋਕਾਂ ਵੱਲੋਂ ਵੀ ਪੁਲਿਸ ਅਧਿਕਾਰੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਦਲਜੀਤ ਸਿੰਘ ਦਾ ਇਹ ਉਪਰਾਲਾ ਬਹੁਤ ਹੀ ਸਲਾਹੁਣਯੋਗ ਹੈ, ਕਿਉਂਕਿ ਜਿਥੇ ਪੁਲਿਸ ਵਾਲੇ ਰੋਅਬ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਉਥੇ ਇਸ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਸਮਝਾਉਣ ਲਈ ਬਦਾਮ ਵੰਡੇ ਗਏ।