29 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮਜੀਠਾ ਰੋਡ ਬਾਈਪਾਸ ਦੇ ਕੋਲ ਮੰਗਲਵਾਰ ਨੂੰ ਇਕ ਨਹੀਂ ਬਲਕਿ ਦੋ ਗ੍ਰਨੇਡ ਫਟਣ ਨਾਲ ਧਮਾਕਾ ਹੋਇਆ ਸੀ। ਧਮਾਕੇ ਵਿਚ ਅੱਤਵਾਦੀ ਦੀ ਮੌਤ ਤੋਂ ਬਾਅਦ ਐੱਫਐੱਸਐੱਲ (ਫੋਰੈਂਸਿਕ ਸਾਇੰਸ ਲੈਬੋਰਟਰੀ) ਦੀ ਟੀਮ ਨੇ ਜਾਂਚ ਕੀਤੀ ਤਾਂ ਘਟਨਾ ਵਾਲੀ ਥਾਂ ਤੋਂ ਕਈ ਸਬੂਤ ਮਿਲੇ। ਹਾਲਾਂਕਿ ਧਮਾਕੇ ਤੋਂ ਬਾਅਦ ਲੱਗੀ ਅੱਗ ਨਾਲ ਗ੍ਰਨੇਡ ਦੇ ਬਾਹਰੀ ਪਲਾਸਟਿਕ ਦਾ ਹਿੱਸਾ ਸੜ ਕੇ ਰਾਖ ਹੋ ਗਿਆ ਹੈ। ਕੁਝ ਰਹਿੰਦ-ਖੂੰਹਦ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪੁਲਿਸ ਦੀ ਟੀਮ ਨੇ ਜਦੋਂ ਮਜੀਠਾ ਰੋਡ ਤੋਂ ਲੈ ਕੇ ਬਾਈਪਾਸ ਤੱਕ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਪਤਾ ਲੱਗਾ ਕਿ ਅੱਤਵਾਦੀ ਨਿਤਿਨ ਇਕ ਐਕਟਿਵ ਸਵਾਰ ਨੌਜਵਾਨ ਦੇ ਨਾਲ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਸ਼ੱਕੀ ਐਕਟਿਵ ਸਵਾਰ ਨੂੰ ਵੀ ਹਿਰਾਸਤ ਵਿਚ ਲੈ ਲਿਆ। ਉਸ ਤੋਂ ਪੁੱਛਗਿੱਛ ’ਚ ਪਤਾ ਲੱਗਾ ਕਿ ਨਿਤਿਨ ਨੇ ਐਕਟਿਵ ਸਵਾਰ ਤੋਂ ਸਿਰਫ਼ ਲਿਫਟ ਹੀ ਲਈ ਸੀ। ਇਸ ਦੇ ਬਾਵਜੂਦ ਪੁਲਿਸ ਐਕਟਿਵ ਸਵਾਰ ’ਤੇ ਨਜ਼ਰ ਰੱਖ ਰਹੀ ਹੈ। ਹਾਲਾਂਕਿ ਲਗਪਗ ਦੋ ਦਿਨ ਦੀ ਜਾਂਚ ਤੋਂ ਬਾਅਦ ਪੁਲਿਸ ਦੇ ਹੱਥ ਖਾਲੀ ਹਨ। ਹੁਣ ਪੁਲਿਸ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਦੇ ਅੱਤਵਾਦੀਆਂ ਦਾ ਖਾਕਾ ਖੰਗਾਲਣ ਵਿਚ ਲੱਗੀ ਹੋਈ ਹੈ। ਪੁਲਿਸ ਦੀ ਜਾਂਚ ਵਿਚ ਇਕ ਗੱਲ ਸਪੱਸ਼ਟ ਹੋ ਰਹੀ ਹੈ ਕਿ ਮੋਬਾਈਲ ਫਰੈਂਡਲੀ ਨਾ ਹੋਣ ਕਾਰਨ ਨਿਤਿਨ ਨੂੰ ਕੋਈ ਮੈਨੂਅਲੀ ਇਸਤੇਮਾਲ ਕਰ ਰਿਹਾ ਸੀ। ਹੁਣ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਇਹ ਪਤਾ ਲਾਉਣ ਵਿਚ ਲੱਗੀ ਹੈ ਕਿ ਧਮਾਕੇ ਵਿਚ ਮਾਰਿਆ ਗਿਆ ਨਿਤਿਨ ਦਿਨ ਵਿਚ ਕਿਨ੍ਹਾ-ਕਿਨ੍ਹਾ ਲੋਕਾਂ ਨੂੰ ਮਿਲਿਆ ਕਰਦਾ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਸਾਢੇ ਨੌਂ ਵਜੇ ਮਜੀਠਾ ਰੋਡ ਬਾਈਪਾਸ ਦੇ ਕੋਲ ਗ੍ਰਨੇਡ ਧਮਾਕੇ ਵਿਚ ਛੇਹਰਟਾ ਦੇ ਵਿਕਾਸ ਨਗਰ ਨਿਵਾਸੀ ਨਿਤਿਨ ਦੀ ਮੌਤ ਹੋ ਗਈ ਸੀ। ਅੱਤਵਾਦੀਆਂ ਦੇ ਇਸ਼ਾਰੇ ’ਤੇ ਨਿਤਿਨ ਇਹ ਗ੍ਰਨੇਡ ਚੁੱਕਣ ਪੁੱਜਿਆ ਸੀ ਪਰ ਉਸ ਨੇ ਪਿਨ ਕੱਢ ਦਿੱਤੀ, ਜਿਸ ਨਾਲ ਤੇਜ਼ ਧਮਾਕਾ ਹੋਇਆ ਸੀ।
ਸੰਖੇਪ: ਅੰਮ੍ਰਿਤਸਰ ਵਿੱਚ ਦੋ ਗ੍ਰੇਨੇਡ ਫਟਣ ਦੇ ਸਬੂਤ ਮਿਲੇ, ਪਰ ਅੱਗ ਲੱਗਣ ਕਾਰਨ ਜ਼ਿਆਦਾਤਰ ਸਬੂਤ ਨਸ਼ਟ ਹੋ ਗਏ।