Amritpal Singh Brother Drugs Case(ਪੰਜਾਬੀ ਖਬਰਨਾਮਾ)ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਈਸ (ਨਸ਼ੇ) ਸਮੇਤ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ।

‘ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼’

ਮਾਮਲੇ ਸਬੰਧੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੋ ਆਵਾਜ਼ ਅਸੀਂ ਉਠਾਈ ਹੈ, ਉਸ ਨੂੰ ਦਬਾਉਣ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਲਈ ਜੋ ਕੰਮ ਕਰਨ ਦੀ ਲੋੜ ਸੀ, ਉਹ ਕਰਨ ਦੀ ਬਜਾਏ ਪੁਲਿਸ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਹਨਾਂ ਦਾ ਪੁੱਤਰ ਹਰਪ੍ਰੀਤ ਸਿੰਘ ਦੁਪਹਿਰ 12 ਵਜੇ ਘਰੋਂ ਚਲਾ ਗਿਆ ਸੀ। ਇਸ ਤੋਂ ਬਾਅਦ ਜਦੋਂ ਅਸੀਂ ਕਰੀਬ 2 ਘੰਟੇ ਬਾਅਦ ਉਸਨੂੰ ਫੋਨ ਕੀਤਾ ਤਾਂ ਫੋਨ ਬੰਦ ਸੀ। ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਮੋਗਾ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਿਆ ਗਿਆ। ਹਰਪ੍ਰੀਤ ਸਿੰਘ ਨੇ ਵੀ ਉਥੇ ਜਾਣਾ ਸੀ, ਮੈਨੂੰ ਨਹੀਂ ਪਤਾ ਕਿ ਉਹ ਫਿਲੌਰ ਕਿਵੇਂ ਪਹੁੰਚਿਆ।

ਮਾਮਲੇ ਸਬੰਧੀ ਅੰਮ੍ਰਿਤਪਾਲ ਸਿੰਘ ਦੀ ਮਾਸੀ ਬਲਵਿੰਦਰ ਕੌਰ ਨੇ ਕਿਹਾ ਕਿ ਇਹ ਸਾਨੂੰ ਫਸਾਉਣ ਲਈ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

4 ਗ੍ਰਾਮ ਆਈਸ ਡਰੱਗ ਬਰਾਮਦ

ਦੱਸ ਦਈਏ ਕਿ ਜਲੰਧਰ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਜਾਂਚ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਹਰਪ੍ਰੀਤ ਸਿੰਘ ਦੀ ਜਦੋਂ ਗ੍ਰਿਫ਼ਤਾਰੀ ਹੋਈ ਤਾਂ ਉਸ ਨੇ ਉਸ ਸਮੇਂ ਵੀ ਕੋਈ ਨਸ਼ਾ ਕੀਤਾ ਹੋਇਆ ਸੀ।

3 ਮੁਲਜ਼ਮ ਗ੍ਰਿਫ਼ਤਾਰ

ਐਸਐਸਪੀ ਅੰਕੁਰ ਗੁਪਤਾ ਨੇ ਕਿਹਾ- ਫਿਲਹਾਲ ਉਹ ਸਾਡੇ ਲਈ ਮੁਲਜ਼ਮ ਹੈ ਕਿਉਂਕਿ ਉਸ ਨੇ ਜ਼ੁਰਮ ਕੀਤਾ ਹੈ। ਫਿਲੌਰ ਪੁਲਿਸ ਨੇ ਰੁਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖਿਲਾਫ਼ ਪੁਲਿਸ ਨੇ ਐਨਡੀਪੀਐਸ ਐਕਟ 22-27 ਦੇ ਤਹਿਤ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਹੁਣ ਪੁਲਿਸ ਨੇ ਮਾਮਲੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 29 ਜੋੜ ਦਿੱਤੀ ਹੈ। ਜਿਸ ਕਾਰਨ ਹੁਣ ਪੁਲਿਸ ਉਕਤ ਮੁਲਜ਼ਮਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰੇਗੀ, ਜਿਨ੍ਹਾਂ ਕੋਲੋਂ ਇਹ ਮੁਲਜ਼ਮ ਨਸ਼ਾ ਲੈ ਕੇ ਆਏ ਸਨ। ਪੁਲਿਸ ਨੇ ਮਾਮਲੇ ਵਿੱਚ ਸੰਦੀਪ ਵਾਸੀ ਹੈਬੋਵਾਲ ਨੂੰ ਵੀ ਨਾਮਜ਼ਦ ਕੀਤਾ ਹੈ। ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।