ਨਵੀਂ ਦਿੱਲੀ , 05 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- NDA ਦਾ ਸੰਕਲਪ ਪੱਤਰ ਤੇ ਮਹਾਗੱਠਜੋੜ ਦਾ ਮੈਨੀਫੈਸਟੋ, ਨਾਂ ਤੋਂ ਹੀ ਇਰਾਦੇ ਸਾਫ਼ ਹਨ। ਨਿਤੀਸ਼ ਨੇ ਬਿਹਾਰ ਨੂੰ ਜੰਗਲ ਰਾਜ ’ਚੋਂ ਬਾਹਰ ਕੱਢਿਆ ਅਤੇ ਮੋਦੀ ਨੇ ਵਿਕਾਸ ਦੀ ਜ਼ਮੀਨ ’ਤੇ ਉਤਾਰਿਆ
ਜੰਗਲ ਰਾਜ ਕਿਸੇ ਵਿਅਕਤੀ ਨਾਲ ਨਹੀਂ ਜੁੜਿਆ, ਇਹ ਪਾਰਟੀ ਦੇ ਕਲਚਰ ਨਾਲ ਜੁੜਿਆ ਹੈ। ‘ਲੱਠ ਰੈਲੀ’ ਦਾ ਕਾਂਸੈਪਟ ਅੱਜ ਵੀ ਆਰਜੇਡੀ ਵਿਚ ਮੌਜੂਦ ਹੈ। ਸਮਾਜ ਦੇ ਹਰ ਹਿੱਸੇ ਨੂੰ ਨੁਮਾਇੰਦਗੀ ਦੇਣਾ ਜਾਤੀਵਾਦ ਨਹੀਂ ਹੈ ਪਰ ਇਕ ਹੀ ਜਾਤੀ ਦੇ ਵਿਕਾਸ ਲਈ ਕੰਮ ਕਰਨਾ ਜਾਤੀਵਾਦ ਹੈ
ਜਲਦੀ ਹੀ ਭਾਰਤ ਨਕਸਲਮੁਕਤ ਵੀ ਹੋਵੇਗਾ ਅਤੇ ਨਸ਼ਾਮੁਕਤ ਵੀ ਹੋਵੇਗਾ
ਬਿਹਾਰ ਤੋਂ ਬਾਅਦ ਹੁਣ ਬਾਕੀ ਸੂਬਿਆਂ ਵਿਚ ਵੀ ਐੱਸਆਈਆਰ ਹੋਵੇਗਾ। ਪ੍ਰਸ਼ਾਸਨਿਕ ਪੱਧਰ ’ਤੇ ਅਸੀਂ ਤੈਅ ਕੀਤਾ ਹੈ ਕਿ ਇਕ-ਇਕ ਘੁਸਪੈਠੀਏ ਨੂੰ ਪਹਿਲਾਂ ਪਛਾਣਾਂਗੇ, ਮਤਦਾਤਾ ਸੂਚੀ ’ਚੋਂ ਹਟਾਵਾਂਗੇ ਅਤੇ ਫਿਰ ਉਹ ਜਿਸ ਦੇਸ਼ ਤੋਂ ਆਏ ਹਨ, ਉੱਥੇ ਡਿਪੋਰਟ ਵੀ ਕਰਾਂਗੇ।
ਇਹ ਜਨਤਕ ਹੈ ਕਿ ਬਿਹਾਰ ਚੋਣਾਂ ਸਿਰਫ ਕਿਸੇ ਪਾਰਟੀ ਜਾਂ ਗੱਠਜੋੜ ਦੀ ਜਿੱਤ ਹਾਰ ਤੱਕ ਸੀਮਤ ਨਹੀਂ ਹੁੰਦੀ। ਇੱਥੇ ਇਕ ਵੱਡੇ ਨੈਰੇਟਿਵ ਦੀ ਸ਼ੁਰੂਆਤ ਵੀ ਹੁੰਦੀ ਹੈ। ਇਸ ਲਈ ਸਿਆਸੀ ਗਲਿਆਰਿਆਂ ਵਿਚ ਇਸ ਚੋਣ ਦਾ ਮਹੱਤਵ ਕੁਝ ਵੱਧ ਜਾਂਦਾ ਹੈ। ਸੰਭਵ ਤੌਰ ’ਤੇ ਇਹ ਵੀ ਕਾਰਨ ਹੋ ਸਕਦਾ ਹੈ ਕਿ ਭਾਜਪਾ ਦੇ ਮੁੱਖ ਰਣਨੀਤੀਕਾਰ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਚੋਣ ਐਲਾਨ ਤੋਂ ਕਾਫੀ ਪਹਿਲਾਂ ਆਪਣੀ ਸਰਗਰਮੀ ਵਧਾਈ। ਬਿਹਾਰ ਵਿਚ ਚੋਣ ਪ੍ਰਚਾਰ ਲਈ ਜਾਂਦੇ ਸ਼ਾਹ ਦੇ ਹਾਵ-ਭਾਵ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਉਹ ਫੀਡਬੈਕ ਤੋਂ ਸੰਤੁਸ਼ਟ ਹਨ। ਸਵਾਲ ਪੁੱਛਣ ‘ਤੇ ਉਹ ਕਹਿੰਦੇ ਹਨ ਕਿ ਸਾਡਾ ਬੈਕਗਰਾਊਂਡ ਲੋਕਾਂ ਵਿਚ ਭਰੋਸਾ ਪੈਦਾ ਕਰਦਾ ਹੈ। ਪਿਛਲੀ ਵਾਰ ਕੁਝ ਕੂੜ ਪ੍ਰਚਾਰ ਹੋਇਆ ਸਨ ਪਰ ਇਸ ਵਾਰ ਸਾਡੀ ਤਿਆਰੀ ਪੂਰੀ ਹੈ। ਨਵੀਂ ਦਿੱਲੀ ਤੋਂ ਦਰਭੰਗਾ ਦੇ ਰਸਤੇ ’ਚ ‘ਦੈਨਿਕ ਜਾਗਰਣ’ ਦੇ ਰਾਜਨੀਤਕ ਸੰਪਾਦਕ ਆਸ਼ੂਤੋਸ਼ ਝਾਅ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲਬਾਤ ਦੇ ਮੁੱਖ ਅੰਸ਼ ਪੇਸ਼ ਹਨ :
ਤੁਸੀਂ ਬਿਹਾਰ ਚੋਣਾਂ ਦੇ ਐਲਾਨ ਤੋਂ ਕਾਫੀ ਪਹਿਲਾਂ ਹੀ ਕਮਾਨ ਸੰਭਾਲ ਲਈ ਸੀ। ਬਿਹਾਰ ਵਿਚ ਸਾਰੀਆਂ ਡਵੀਜ਼ਨਾਂ ਦੀ ਮੀਟਿੰਗ ਕਰ ਕੇ ਵਰਕਰਾਂ ਨੂੰ ਚਾਰਜ ਕੀਤਾ ਸੀ। ਹੁਣ ਵੀ ਲਗਾਤਾਰ ਪਾਰਟੀ ਦੀਆਂ ਮੀਟਿੰਗਾਂ ਲੈ ਰਹੇ ਹੋ, ਵੱਡੀ ਗਿਣਤੀ ਵਿਚ ਰੈਲੀਆਂ ਕਰ ਰਹੇ ਹੋ। ਕੀ ਐੱਨਡੀਏ ਦੀ ਸਥਿਤੀ ਕਮਜ਼ੋਰ ਸੀ, ਇਸ ਲਈ ਤੁਹਾਨੂੰ ਸਰਗਰਮੀ ਵਧਾਉਣੀ ਪਈ?
ਨਹੀਂ, ਅਜਿਹਾ ਨਹੀਂ ਕਿ ਮੈਨੂੰ ਮੋਰਚਾ ਸੰਭਾਲਣਾ ਪਿਆ। ਮੈਂ ਹਰ ਚੋਣ ਦੌਰਾਨ ਜਾਂਦਾ ਹਾਂ। ਪਰ ਇਸ ਵਾਰ ਇਹ ਸੱਚ ਹੈ ਕਿ ਬਿਹਾਰ ਵਿਚ ਅਸੀਂ ਥੋੜ੍ਹੀ ਜਲਦੀ ਤਿਆਰੀ ਸ਼ੁਰੂ ਕੀਤੀ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਪਿਛਲੇ ਚੋਣ ਨਤੀਜਿਆਂ ਵਿਚ ਕੂੜ ਪ੍ਰਚਾਰ ਦਾ ਅਸਰ ਦਿਖਾਈ ਦਿੱਤਾ ਸੀ। ਸ਼ੁਰੂਆਤ ਵਿਚ ਹੀ ਮੈਂ ਪੰਜ ਦਿਨਾਂ ਵਿਚ ਬਿਹਾਰ ਦੇ 10 ਹਿੱਸਿਆਂ ਨੂੰ ਕਵਰ ਕਰ ਕੇ ਲਗਪਗ 20 ਹਜ਼ਾਰ ਵਰਕਰਾਂ ਨਾਲ ਗੱਲ ਕੀਤੀ ਸੀ ਅਤੇ ਉਸੇ ਸਮੇਂ ਅਸੀਂ ਇਸ ਵੱਡੇ ਸੰਕਲਪ ਨਾਲ ਅੱਗੇ ਵਧੇ ਸੀ ਕਿ ਇਸ ਵਾਰ ਐੱਨਡੀਏ ਮਜ਼ਬੂਤ ਸਰਕਾਰ ਬਣਾਏਗਾ। 20 ਸਾਲਾਂ ਵਿਚ ਨਿਤੀਸ਼ ਨੇ ਕਾਨੂੰਨ-ਵਿਵਸਥਾ ਨੂੰ ਠੀਕ ਕੀਤਾ ਅਤੇ 11 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਜ਼ਮੀਨ ’ਤੇ ਉਤਾਰਿਆ। ਇਸ ਕਾਰਨ ਹੁਣ ਬਿਹਾਰ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਬਹੁਤ ਤੇਜ਼ ਹੋਣਗੀਆਂ। ਮੈਨੂੰ ਲੱਗਦਾ ਹੈ ਕਿ ਅਸੀਂ ਚੰਗੀ ਤਿਆਰੀ ਕਰ ਸਕੇ ਹਾਂ ਅਤੇ ਬਹੁਤ ਚੰਗੇ ਮਾਰਜਨ ਨਾਲ ਐੱਨਡੀਏ ਯਾਨੀ ਭਾਜਪਾ ਤੇ ਇਸ ਦੇ ਸਾਥੀ ਦਲ ਚੋਣ ਜਿੱਤਣਗੇ।
ਤੁਸੀਂ ਬਹੁਤ ਚੰਗੇ ਮਾਰਜਨ ਨਾਲ ਜਿੱਤ ਦੀ ਗੱਲ ਕੀਤੀ। ਕੀ ਕੋਈ ਸਪੱਸ਼ਟ ਅੰਕੜੇ ਹਨ?
ਮੈਂ ਮੰਨਦਾ ਹਾਂ ਕਿ ਅਸੀਂ 160 ਤੋਂ ਵੱਧ ਸੀਟਾਂ ਜਿੱਤ ਕੇ ਬਿਹਾਰ ਵਿਚ ਸਰਕਾਰ ਬਣਾਵਾਂਗੇ। ਸਾਡੀਆਂ ਸੀਟਾਂ ’ਤੇ ਜਿੱਤ ਦਾ ਮਾਰਜਨ ਵੀ ਵਧੇਗਾ। ਬਹੁਤ ਸਪੱਸ਼ਟਤਾ ਹੋਵੇਗੀ ਜਿੱਤ ਵਿਚ।
ਕੀ ਇਹ ਵੀ ਅੰਕੜਾ ਹੈ ਕਿ ਸਭ ਤੋਂ ਵੱਡੀ ਪਾਰਟੀ ਕੌਣ ਹੋਵੇਗੀ?
ਉਹ ਹੁਣ ਦੂਜੇ ਪੜਾਅ ਵਿਚ ਚੋਣ ਦੀ ਰਫ਼ਤਾਰ ਵਧਣ ਤੋਂ ਬਾਅਦ ਪਤਾ ਲੱਗੇਗਾ। ਪਰ ਐੱਨਡੀਏ ਵੱਡੀ ਗਿਣਤੀ ਵਿਚ ਸੀਟਾਂ ਜਿੱਤੇਗਾ, ਇਹ ਤੈਅ ਹੈ।
ਤੁਸੀਂ ਕਿਹਾ ਕਿ ਵਿਕਾਸ ਹੋਇਆ ਹੈ 20 ਸਾਲਾਂ ਵਿਚ ਅਤੇ ਇਸ ਨੂੰ ਹੋਰ ਤੇਜ਼ੀ ਨਾਲ ਲਿਆਉਣਗੇ, ਪਰ ਜੰਗਲ ਰਾਜ ਅਤੇ ਮੰਗਲ ਰਾਜ ਦਾ ਨਾਅਰਾ ਚੱਲਣਾ ਸ਼ੁਰੂ ਹੋ ਗਿਆ ਹੈ। ਫਿਰ ਤੋਂ ਉਹੀ ਜੰਗਲ ਰਾਜ ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ 20 ਸਾਲ ਪਹਿਲਾਂ ਇਕ ਸਰਕਾਰ ਨੇ ਕੀਤਾ ਸੀ। ਤਾਂ ਕੀ ਅਜਿਹਾ ਨਹੀਂ ਲੱਗਦਾ ਕਿ ਵਿਕਾਸ ਦੇ ਮੰਤਰ ਨਾਲ ਜਿੱਤ ਦਾ ਭਰੋਸਾ ਥੋੜ੍ਹਾ ਘੱਟ ਗਿਆ ਹੈ?
ਇਨ੍ਹਾਂ ਦੋਵਾਂ ਨੂੰ ਤੁਸੀਂ ਵੱਖਰਾ ਕਰ ਕੇ ਨਾ ਦੇਖੋ। ਬਿਹਾਰ ਦੀ ਜੋ ਤਬਾਹੀ ਹੋਈ ਹੈ, ਉਸ ਤਬਾਹੀ ਦਾ ਮੂਲ ਕਾਰਨ ਹੀ ਜੰਗਲ ਰਾਜ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਰਾਜਨੀਤਕ-ਆਰਥਿਕ ਸਾਰੀਆਂ ਗਤੀਵਿਧੀਆਂ ਵਿਚ ਬਿਹਾਰ ਦਾ ਮਹੱਤਵਪੂਰਨ ਯੋਗਦਾਨ ਸੀ। ਸਿਵਲ ਸਰਵਿਸ ਦੇ ਸਭ ਤੋਂ ਜ਼ਿਆਦਾ ਬੱਚੇ ਸਫਲ ਹੋ ਕੇ ਬਿਹਾਰ ਤੋਂ ਆਉਂਦੇ ਸਨ। ਸਿੱਖਿਆ ਦੇ ਮਾਮਲੇ ਵਿਚ ਬਿਹਾਰ ਟਾਪ ਦੇ ਤਿੰਨ-ਚਾਰ ਸੂਬਿਆਂ ਵਿਚ ਰਹਿੰਦਾ ਸੀ। ਉਸ ਬਿਹਾਰ ਨੂੰ ਲਾਲੂ-ਰਾਬੜੀ ਸ਼ਾਸਨ ਨੇ 15 ਸਾਲਾਂ ਦੇ ਅੰਦਰ ਬਿਲਕੁਲ ਗਰਤ ਵਿਚ ਪਾ ਕੇ ਬਿਮਾਰੂ ਸੂਬਾ ਬਣਾਉਣ ਦਾ ਕੰਮ ਕੀਤਾ। ਜਦੋਂ ਤੱਕ ਅਮਨ ਕਾਨੂੰਨ ਠੀਕ ਨਹੀਂ ਹੁੰਦਾ, ਕੋਈ ਸੂਬਾ ਵਿਕਾਸ ਨਹੀਂ ਕਰ ਸਕਦਾ। ਵਿਕਾਸ ਦੀ ਧਾਰਨਾ, ਵਿਕਾਸ ਨੂੰ ਜ਼ਮੀਨ ’ਤੇ ਉਤਾਰਨਾ ਅਤੇ ਚੰਗੀ ਕਾਨੂੰਨ-ਵਿਵਸਥਾ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਜਦੋਂ ਤੱਕ ਅਸੀਂ ਜੰਗਲ ਰਾਜ ਦੀ ਜਨਤਾ ਨੂੰ ਯਾਦ ਨਹੀਂ ਦਿਵਾਉਂਦੇ, ਸਾਡੇ ਵਿਕਾਸ ਦੀ ਗਾਰੰਟੀ ਦਾ ਕੋਈ ਮਤਲਬ ਨਹੀਂ। ਜੰਗਲ ਰਾਜ ਨੂੰ ਅਸੀਂ ਖਤਮ ਕੀਤਾ ਅਤੇ ਇਸ ਨੂੰ ਹੁਣ ਨਹੀਂ ਆਉਣ ਦਿਆਂਗੇ। ਉਸ ਦੇ ਆਧਾਰ ’ਤੇ ਹੀ ਵਿਕਾਸ ਦੀ ਗਾਰੰਟੀ ‘ਤੇ ਭਰੋਸਾ ਬਣ ਸਕਦਾ ਹੈ ਅਤੇ ਵਿਕਾਸ ਹੋਇਆ ਵੀ ਹੈ। ਲਗਪਗ 8.52 ਕਰੋੜ ਗਰੀਬਾਂ ਨੂੰ ਅਸੀਂ ਪੰਜ ਕਿੱਲੋ ਅਨਾਜ ਮੁਫ਼ਤ ਵਿਚ ਹਰ ਮਹੀਨੇ ਦੇ ਰਹੇ ਹਾਂ। ਕਿਸਾਨ ਸਨਮਾਨ ਨਿਧੀ ਦੇ 87 ਲੱਖ ਲਾਭਪਾਤਰੀਆਂ ਨੂੰ 29 ਹਜ਼ਾਰ ਕਰੋੜ ਰੁਪਏ ਹੁਣ ਤੱਕ ਅਸੀਂ ਦੇ ਚੁੱਕੇ ਹਾਂ। 44 ਲੱਖ ਘਰ ਬਣਾ ਦਿੱਤੇ। 1.17 ਕਰੋੜ ਗੈਸ ਸਿਲੰਡਰ ਪਹੁੰਚਾਏ। 3.53 ਕਰੋੜ ਆਯੁਸ਼ਮਾਨ ਭਾਰਤ ਦੇ ਕਾਰਡ ਵੰਡੇ, ਜਿਸ ਤਹਿਤ ਪੰਜ ਲੱਖ ਤੱਕ ਦਾ ਇਲਾਜ ਪੂਰਾ ਮੁਫ਼ਤ ਹੈ। 1.45 ਕਰੋੜ ਘਰਾਂ ਵਿਚ ਅਸੀਂ ਸ਼ੌਚਾਲਿਆ ਬਣਾ ਕੇ ਦਿੱਤੇ ਅਤੇ 1.60 ਕਰੋੜ ਘਰਾਂ ਵਿਚ ਪੀਣ ਦਾ ਪਾਣੀ ਪਹੁੰਚਾਇਆ ਹੈ। ਕੁੱਲ ਮਿਲਾ ਕੇ 24 ਲੱਖ ਸੁਕੰਨਿਆ ਸਮ੍ਰਿਧੀ ਖਾਤੇ ਦਿੱਤੇ। ਹੁਣ ਬਿਹਾਰ ਦੇ ਹਰ ਤਿੰਨ ਵਿਚੋਂ ਦੋ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮਿਲ ਗਈਆਂ ਹਨ। ਇਸ ਦਾ ਮਤਲਬ ਹੈ ਕਿ ਬਿਹਾਰ ਦੇ ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਇਨ੍ਹਾਂ 11 ਸਾਲਾਂ ਵਿਚ ਪ੍ਰਧਾਨ ਮੰਤਰੀ ਦੀਆਂ ਜੋ ਯੋਜਨਾਵਾਂ ਸਨ, ਉਹ ਜ਼ਮੀਨ ’ਤੇ ਵੀ ਉਤਰੀਆਂ ਹਨ ਅਤੇ ਇਸ ਨਾਲ ਬਿਹਾਰ ਦੇ ਲੋਕਾਂ ਦਾ ਭਰੋਸਾ ਵੀ ਵਧਿਆ ਹੈ।
ਹਾਲ ਹੀ ਵਿਚ ਤੁਸੀਂ ਕਿਸੇ ਰੈਲੀ ਵਿਚ ਕਿਹਾ ਸੀ ਕਿ ਲਾਲੂ ਦਾ ਪੁੱਤਰ ਜੇਕਰ ਸੀਐੱਮ ਬਣਦਾ ਹੈ ਤਾਂ ਅਗਵਾ, ਫਿਰੌਤੀ ਅਤੇ ਵਸੂਲੀ ਵਰਗੀਆਂ ਚੀਜ਼ਾਂ ਸ਼ੁਰੂ ਹੋਣਗੀਆਂ ਅਤੇ ਇਨ੍ਹਾਂ ਦੇ ਤਿੰਨ ਨਵੇਂ ਮੰਤਰੀ ਬਣਨਗੇ। ਇਕ ਪਿਤਾ ਦੇ ਕਰਮਾਂ ਨੂੰ ਪੁੱਤਰ ਨਾਲ ਜੋੜਨਾ, ਕੀ ਇਹ ਸਹੀ ਹੈ? ਕੀ ਇਹ ਨਿੱਜੀ ਹਮਲਾ ਨਹੀਂ ਲੱਗਦਾ?
ਨਹੀਂ, ਇਹ ਨਿੱਜੀ ਹਮਲਾ ਨਹੀਂ ਹੈ। ਦੇਖੋ, ਲਾਲੂ ਬਿਮਾਰ ਹਨ ਪਰ ਜਿੰਨੇ ਵੀ ਟਿਕਟ ਆਰਜੇਡੀ ਨੇ ਵੰਡੇ ਹਨ, ਲਾਲੂ ਦੇ ਘਰ ਉਮੀਦਵਾਰਾਂ ਨੂੰ ਬੁਲਾਇਆ ਗਿਆ। ਲਾਲੂ ਦੇ ਅਸ਼ੀਰਵਾਦ ਨਾਲ ਫੋਟੋ ਖਿਚਵਾਈ ਗਈ। ਲਾਲੂ ਅਤੇ ਉਨ੍ਹਾਂ ਦਾ ਪੁੱਤਰ ਇਕ ਹੀ ਘਰ ਵਿਚ ਰਹਿੰਦੇ ਹਨ। ਰਾਬੜੀ ਵੀ ਉਸੇ ਘਰ ਵਿਚ ਰਹਿੰਦੇ ਹਨ। ਜੰਗਲ ਰਾਜ ਕਿਸੇ ਵਿਅਕਤੀ ਨਾਲ ਨਹੀਂ ਜੁੜਿਆ, ਇਹ ਪਾਰਟੀ ਦੇ ਕਲਚਰ ਨਾਲ ਜੁੜਿਆ ਹੈ। ‘ਲੱਠ ਰੈਲੀ’ ਦਾ ਕਾਂਸੈਪਟ ਅੱਜ ਵੀ ਆਰਜੇਡੀ ਵਿਚ ਹੈ। ਇਸ ਲਈ ਮੈਂ ਨਹੀਂ ਮੰਨਦਾ ਕਿ ਕੋਈ ਬਦਲਾਅ ਹੋਇਆ ਹੈ। ਜੰਗਲ ਰਾਜ ਨਵੇਂ ਚਿਹਰੇ ਨਾਲ, ਨਵੇਂ ਭੇਸ ਨਾਲ ਦੁਬਾਰਾ ਮੈਦਾਨ ਵਿਚ ਉਤਰਿਆ ਹੈ। ਇਸ ਨੂੰ ਬਿਹਾਰ ਦੀ ਜਨਤਾ ਨੂੰ ਰੋਕਣਾ ਪਵੇਗਾ।
ਹਾਲਾਂਕਿ ਭਾਜਪਾ ਵੱਲੋਂ ਤੁਸੀਂ ਬਹੁਤ ਸਾਫ਼ ਕੀਤਾ ਹੈ ਕਿ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਚੋਣ ਲੜ ਰਹੇ ਹੋ ਪਰ ਫਿਰ ਵੀ ਇਹ ਸਵਾਲ ਵਾਰ-ਵਾਰ ਉੱਠਦਾ ਹੈ ਕਿ ਅਸਲ ਵਿਚ ਸੀਐੱਮ ਕੌਣ ਹੋਵੇਗਾ?
ਦੇਖੋ, ਮੈਂ ਬਹੁਤ ਸਪੱਸ਼ਟਤਾ ਨਾਲ ਕਿਹਾ ਹੈ ਕਿ ਅਸੀਂ ਨਿਤੀਸ਼ ਦੀ ਅਗਵਾਈ ਵਿਚ ਚੋਣ ਲੜ ਰਹੇ ਹਾਂ ਅਤੇ ਇਸ ਵਿਚ ਕੋਈ ਗਲਤਫਹਿਮੀ ਨਹੀਂ ਹੈ। ਸ਼ਾਇਦ ਇਹ ਗੱਲ ਵਿਰੋਧੀ ਪਾਰਟੀ ਵੱਲੋਂ ਉਠਾਈ ਜਾ ਰਹੀ ਹੈ।
ਭਾਜਪਾ ਅਤੇ ਤੇਜਸਵੀ ਯਾਦਵ ਦੋਵਾਂ ਨੇ ਇਸ ਚੋਣ ਵਿਚ ਬਿਹਾਰ ਨੂੰ ਨੰਬਰ-1 ਬਣਾਉਣ ਦਾ ਵਾਅਦਾ ਕੀਤਾ ਹੈ। ਜਨਤਾ ਕਿਸ ਦੇ ਨੰਬਰ-1 ਬਿਹਾਰ ’ਤੇ ਭਰੋਸਾ ਕਰੇਗੀ?
ਬਹੁਤ ਆਸਾਨ ਹੈ। ‘ਮੈਨੀਫੈਸਟੋ’ ਅਤੇ ‘ਸੰਕਲਪ ਪੱਤਰ’ ਦੇ ਸ਼ਬਦਾਂ ਵਿਚ ਹੀ ਇਰਾਦੇ ਦੀ ਪਛਾਣ ਹੈ। ਸਾਡਾ ਸੰਕਲਪ ਹੈ, ਉਨ੍ਹਾਂ ਦੇ ਐਲਾਨ ਹਨ ਅਤੇ ਦੋਵਾਂ ਗੱਠਜੋੜਾਂ ਦਾ ਟ੍ਰੈਕ ਰਿਕਾਰਡ ਵੀ ਹੈ। ਅਸੀਂ ਜੋ ਕਿਹਾ ਹੈ, ਉਹ ਕੀਤਾ ਹੈ। ਜਦੋਂ ਮੋਦੀ 1.25 ਲੱਖ ਕਰੋੜ ਰੁਪਏ ਬਿਹਾਰ ਦੇ ਵਿਕਾਸ ਲਈ ਦੇਣ ਦੀ ਗੱਲ ਕਰਦੇ ਸਨ ਤਾਂ ਕਾਂਗਰਸ ਨੇ ਇਸ ਦਾ ਮਖੌਲ ਉਡਾਇਆ ਸੀ। ਅੱਜ ਮੋਦੀ ਦੇ ਸ਼ਾਸਨ ਵਿਚ 13.15 ਲੱਖ ਕਰੋੜ ਰੁਪਏ ਅਸੀਂ ਬਿਹਾਰ ਨੂੰ ਦੇ ਚੁੱਕੇ ਹਾਂ ਅਤੇ ਵਿਅਕਤੀਗਤ ਯੋਜਨਾਵਾਂ ਦੇ ਲਾਭ ਵੱਖਰੇ ਹਨ। ਸਾਡੇ ਸੰਕਲਪ ਹਨ ਕਿ ਹਰ ਜ਼ਿਲ੍ਹੇ ਵਿਚ ਮੈਗਾ ਸਕਿਲ ਪਾਰਕ ਬਣੇਗਾ। ਸਵੈ-ਰੁਜ਼ਗਾਰ ਨੂੰ ਵਧਾਵਾਂਗੇ। ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ ਅਤੇ ਸਵੈ-ਰੁਜ਼ਗਾਰ ਮਿਲ ਕੇ ਕੁੱਲ ਇਕ ਕਰੋੜ ਨੌਜਵਾਨਾਂ ਨੂੰ ਅਸੀਂ ਰੁਜ਼ਗਾਰ ਦੇਵਾਂਗੇ। ਹਰ ਜ਼ਿਲ੍ਹੇ ਵਿਚ ਨਵਾਂ ਉਦਯੋਗਿਕ ਪਾਰਕ ਬਣੇਗਾ। 100 ਐੱਮਐੱਸਐੱਮਈ ਪਾਰਕ ਬਣਾਏ ਜਾਣਗੇ। 50 ਹਜ਼ਾਰ ਲਘੂ ਉਦਯੋਗ ਲਗਾਏ ਜਾਣਗੇ। ਡਿਫੈਂਸ ਕਾਰੀਡੋਰ ਅਤੇ ਸੈਮੀਕੰਡਕਟਰ ਕਲੀਨ ਮੈਨੂਫੈਕਚਰਿੰਗ ਦੀ ਵੀ ਬਿਹਾਰ ਵਿਚ ਹੁਣ ਸ਼ੁਰੂਆਤ ਹੋਣ ਵਾਲੀ ਹੈ। ਅਸੀਂ 1.41 ਕਰੋੜ ਜੀਵਿਕਾ ਦੀਦੀ ਵਿਚ ਹਰ ਇਕ ਨੂੰ 10 ਹਜ਼ਾਰ ਰੁਪਏ ਸੀਡ ਮਨੀ ਦਿੱਤੀ। ਹੁਣ ਉਹ ਸੀਡ ਮਨੀ ਦੀ ਵਰਤੋਂ ਕਰ ਕੇ 25-25 ਜੀਵਿਕਾ ਦੀਦੀ ਇਕੱਠੀਆਂ ਹੋ ਕੇ ਸਮੂਹ ਬਣਾਉਣਗੀਆਂ ਅਤੇ ਅਸੀਂ ਹਰ ਜੀਵਿਕਾ ਦੀਦੀ ਨੂੰ ਹੋਰ ਦੋ ਲੱਖ ਰੁਪਏ ਦੇਵਾਂਗੇ। ਮਛੇਰਿਆਂ ਦੀ ਰਕਮ ਵੀ ਅਸੀਂ ਵਧਾ ਕੇ 9 ਹਜ਼ਾਰ ਤੱਕ ਕਰਾਂਗੇ। ਪਟਨਾ, ਦਰਭੰਗਾ, ਪੂਰਨੀਆ ਅਤੇ ਭਾਗਲਪੁਰ, ਇਨ੍ਹਾਂ ਚਾਰਾਂ ਏਅਰਪੋਰਟਾਂ ਨੂੰ ਅਸੀਂ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ ਜਾ ਰਹੇ ਹਾਂ। ਜੋ ਦੁਨੀਆ ਭਰ ਵਿਚ ਬਿਹਾਰੀ ਰਹਿੰਦੇ ਹਨ, ਉਨ੍ਹਾਂ ਨੂੰ ਬਿਹਾਰ ਆਉਣ-ਜਾਣ ਲਈ ਹੁਣ ਦਿੱਲੀ ਜਾਂ ਮੁੰਬਈ ਨਹੀਂ ਉਤਰਨਾ ਪਵੇਗਾ। ਬਿਹਾਰ ਦੇ ਚਾਰ ਸ਼ਹਿਰਾਂ ਵਿਚ ਮੈਟਰੋ ਚੱਲਣ ਵਾਲੀ ਹੈ, ਸੱਤ ਨਵੇਂ ਐਕਸਪ੍ਰੈਸ-ਵੇ ਬਣ ਰਹੇ ਹਨ। ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਵੀ ਬਣਨਗੇ। ਅਤੇ ਇਕ ਬਹੁਤ ਖ਼ਾਹਸ਼ੀ ਪ੍ਰੋਜੈਕਟ ਪੀਐੱਮ ਨੇ ਮੋਦੀ-3.0 ਦੇ ਪਹਿਲੇ ਹੀ ਬਜਟ ਵਿਚ ਰੱਖਿਆ ਹੈ ਅਤੇ ਉਹ ਹੈ ‘ਹੜ੍ਹ ਮੁਕਤ ਬਿਹਾਰ’। ਕੋਸੀ, ਗੰਡਕ ਅਤੇ ਗੰਗਾ, ਚਾਹੇ ਬਿਹਾਰ ਵਿਚ ਸੋਕਾ ਹੋਵੇ, ਪਰ ਇਹ ਹੜ੍ਹ ਲੈ ਕੇ ਆਉਂਦੀਆਂ ਹਨ। ਸੋਕੇ ਤੋਂ ਵੀ ਬਿਹਾਰ ਪੀੜਤ ਹੁੰਦਾ ਹੈ ਅਤੇ ਹੜ੍ਹ ਤੋਂ ਵੀ। ਅਸੀਂ ਸਿੰਚਾਈ ਦਾ ਪੂਰਾ ਨੈੱਟਵਰਕ ਬਣਾਉਣ ਦੀ ਯੋਜਨਾ ਬਣਾ ਚੁੱਕੇ ਹਾਂ ਅਤੇ ਇਸ ਲਈ 24 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਭਾਰਤ ਸਰਕਾਰ ਦੇਵੇਗੀ। ਜਦੋਂ ਇਹ ਸੰਕਲਪ ਲੈ ਕੇ ਅਸੀਂ ਬਿਹਾਰ ਦੀ ਜਨਤਾ ਦੇ ਸਾਹਮਣੇ ਜਾਂਦੇ ਹਾਂ ਤਾਂ ਬਿਹਾਰ ਦੀ ਜਨਤਾ ਦਾ ਭਰੋਸਾ ਵਧਦਾ ਹੈ, ਕਿਉਂਕਿ ਜ਼ਮੀਨ ’ਤੇ ਬਦਲਾਅ ਦਿਖਾਈ ਦਿੰਦਾ ਹੈ। ਸਾਡੇ ਵਾਅਦਿਆਂ ਪਿੱਛੇ ਸਾਡਾ ਬੈਕਗਰਾਊਂਡ ਵੀ ਹੈ।
ਪਰ ਜੀਵਿਕਾ ਦੀਦੀ ਨੂੰ ਜੋ ਰਕਮ ਤੁਸੀਂ ਦੇ ਰਹੇ ਹੋ, ਉਸ ਨੂੰ ਤੇਜਸਵੀ ਯਾਦਵ ਚੋਣ ਰਿਸ਼ਵਤ ਦੱਸ ਰਹੇ ਹਨ?
ਦੇਖੋ, ਜੰਗਲ ਰਾਜ ਵਾਲੇ ਜਿਸ ਤਰ੍ਹਾਂ ਦਾ ਬੀਮਾਰੂ ਬਿਹਾਰ ਬਣਾ ਕੇ ਗਏ ਸਨ, ਉਸ ਤੋਂ ਬਾਅਦ ਗ੍ਰਾਮੀਣ ਔਰਤਾਂ ਪੈਸਾ ਕਮਾਉਣ ਲਈ ਮੁੜ ਖੜ੍ਹੀਆਂ ਨਹੀਂ ਹੋ ਸਕੀਆਂ। ਉਨ੍ਹਾਂ ਨੂੰ ਅਸੀਂ ਪੈਸਾ ਦਿੱਤਾ ਹੈ। ਉਨ੍ਹਾਂ ਦੇ ਗਰੁੱਪ ਕੋਆਪਰੇਟਿਵ ਆਧਾਰ ’ਤੇ ਬਣਨਗੇ ਅਤੇ ਉਹ ਸਾਰੇ ਇਕੱਠੇ ਹੋ ਕੇ ਕਈ ਉਦਯੋਗ ਸ਼ੁਰੂ ਕਰਨਗੇ। ਜੇਕਰ ਕਿਸੇ ਨੂੰ ਇਹ ਰਿਸ਼ਵਤ ਲੱਗਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਨਜ਼ਰੀਏ ਦਾ ਦੋਸ਼ ਹੈ।
ਐੱਨਡੀਏ ਵਿਚ ਸੀਟਾਂ ਦੇ ਵੰਡ ਵਿਚ ਐੱਲਜੇਪੀ (ਆਰ) ਦਬਾਅ ਬਣਾਉਣ ਵਿਚ ਸਫਲ ਰਹੀ। ਤੁਹਾਨੂੰ ਸੀਟਾਂ ਵਧਾਉਣੀਆਂ ਪਈਆਂ। ਕੀ ਭਾਜਪਾ ਨੇ ਤਿਆਗ ਕੀਤਾ ਜਾਂ ਐੱਨਡੀਏ ਨੂੰ ਬਚਾਉਣ ਲਈ ਇਹ ਜ਼ਰੂਰੀ ਸੀ?
ਨਹੀਂ, ਨਹੀਂ… ਇਹ ਗਲਤਫਹਿਮੀ ਹੈ। ਇਨ੍ਹਾਂ ਦੀਆਂ ਛੇ ਲੋਕ ਸਭਾ ਸੀਟਾਂ ਹਨ ਅਤੇ ਬਿਹਾਰ ਵਿਚ ਔਸਤ ਪੰਜ ਵਿਧਾਨ ਸਭਾ ਤੋਂ ਇਕ ਲੋਕ ਸਭਾ ਸੀਟ ਬਣਦੀ ਹੈ। ਇਸ ਤਰ੍ਹਾਂ ਉਨ੍ਹਾਂ ਦੀਆਂ 30 ਸੀਟਾਂ ਬਣਦੀਆਂ ਸਨ ਅਤੇ ਅਸੀਂ 29 ਦਿੱਤੀਆਂ ਹਨ। ਮਾਂਝੀ ਅਤੇ ਉਪੇਂਦਰ ਕੁਸ਼ਵਾਹਾ ਦਾ ਇਕ-ਇਕ ਲੋਕ ਸਭਾ ਮੈਂਬਰ ਹੈ ਅਤੇ ਅਸੀਂ ਉਨ੍ਹਾਂ ਨੂੰ ਪੰਜ-ਪੰਜ ਵਿਧਾਨ ਸਭਾ ਸੀਟਾਂ ਦਿੱਤੀਆਂ ਹਨ। ਪਰ ਇਕ ਪਰਸਪੈਕਟਿਵ ਮੀਡੀਆ ਘੜ ਦਿੰਦਾ ਹੈ ਅਤੇ ਉਸ ਪਰਸਪੈਕਟਿਵ ਨੂੰ ਬਚਾਉਣ ਲਈ ਮੀਡੀਆ ਉਸ ਨੂੰ ਖਿੱਚਦਾ ਰਹਿੰਦਾ ਹੈ।
ਬਿਹਾਰ ਵਿਚ ਤੁਸੀਂ ਲਗਾਤਾਰ ਘੁੰਮ ਰਹੇ ਸੀ। ਕਈ ਰੈਲੀਆਂ ਕੀਤੀਆਂ। ਐੱਨਡੀਏ ਦਾ ਮੁਲਾਂਕਣ ਤਾਂ ਤੁਸੀਂ ਦੱਸ ਦਿੱਤਾ ਪਰ ਵਿਰੋਧੀ ਪਾਰਟੀ ਅਤੇ ਖਾਸ ਕਰ ਕੇ ਕਾਂਗਰਸ ਬਾਰੇ ਕੁਝ ਕਹੋਗੇ?
ਮੇਰਾ ਅਜਿਹਾ ਮੁਲਾਂਕਣ ਕਿਸੇ ਪਾਰਟੀ ਲਈ ਕਰਨਾ ਠੀਕ ਨਹੀਂ ਹੈ। ਪਰ ਹਾਲ ਹੀ ਵਿਚ ਕਈ ਜ਼ਿਲ੍ਹਿਆਂ ਦੇ ਵਰਕਰਾਂ ਨਾਲ ਮੇਰੀ ਬੈਠਕ ਸੀ। ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਕਾਂਗਰਸ ਦੀਆਂ ਸਾਰੀਆਂ ਸੀਟਾਂ ‘ਤੇ ਸੌਖੀ ਜਿੱਤ ਹਾਸਲ ਕਰਾਂਗੇ। ਇਹ ਵਰਕਰਾਂ ਦਾ ਮੁਲਾਂਕਣ ਹੈ, ਮੇਰਾ ਨਹੀਂ।
ਪਹਿਲਗਾਮ ਹਮਲੇ ਤੋਂ ਬਾਅਦ ਤੁਸੀਂ ਇਕ ਆਪ੍ਰੇਸ਼ਨ ਮਹਾਦੇਵ ਚਲਾਇਆ। ਅੱਤਵਾਦੀਆਂ ਨੂੰ ਖਦੇੜ ਕੇ ਫੜਨ ਲਈ ਇਕ ਮੁਹਿੰਮ ਚਲਾਈ। ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਈ ਸੀ?
ਦੇਖੋ, ਇਹ ਬਹੁਤ ਮੁਸ਼ਕਲ ਚੀਜ਼ ਸੀ। ਆਮ ਤੌਰ ‘ਤੇ ਅਜਿਹਾ ਹੁੰਦਾ ਹੈ ਕਿ ਹਮਲਾ ਕਰਨ ਵਾਲੇ ਭੱਜ ਜਾਂਦੇ ਹਨ। ਪਹਿਲੀ ਵਾਰ ਹਮਲਾ ਕਰਵਾਉਣ ਵਾਲੇ ਨੂੰ ਆਪ੍ਰੇਸ਼ਨ ਸਿੰਧੂਰ ਨਾਲ ਸਜ਼ਾ ਦਿੱਤੀ ਅਤੇ ਹਮਲਾ ਕਰਨ ਵਾਲਿਆਂ ਨੂੰ ਆਪ੍ਰੇਸ਼ਨ ਮਹਾਦੇਵ ਨਾਲ ਸਜ਼ਾ ਦਿੱਤੀ ਗਈ। ਆਪ੍ਰੇਸ਼ਨ ਮਹਾਦੇਵ, ਜੰਮੂ ਕਸ਼ਮੀਰ ਪੁਲਿਸ, ਸੀਆਰਪੀਐੱਫ ਅਤੇ ਫੌਜ ਦਾ ਸਾਂਝਾ ਆਪ੍ਰੇਸ਼ਨ ਸੀ। ਮੈਂ ਪਹਿਲੀ ਹੀ ਮੀਟਿੰਗ ਵਿਚ ਤੈਅ ਕੀਤਾ ਸੀ ਕਿ ਅੱਤਵਾਦੀ ਸਰਹੱਦ ਪਾਰ ਕਰ ਕੇ ਪਾਕਿਸਤਾਨ ਵੱਲ ਨਾ ਜਾ ਸਕਣ। ਫਿਰ ਅਸੀਂ ਉਨ੍ਹਾਂ ਨੂੰ ਟ੍ਰੈਕ ਕਰਦੇ ਗਏ, ਟ੍ਰੈਕ ਕਰਦੇ ਗਏ ਅਤੇ ਅੰਤ ਵਿਚ ਲੋਕੇਸ਼ਨ ਮਿਲਣ ਤੋਂ ਬਾਅਦ ਤਿੰਨ ਅੱਤਵਾਦੀਆਂ ਨੂੰ ਸਜ਼ਾ ਦਿੱਤੀ ਗਈ, ਜਿਨ੍ਹਾਂ ਨੇ ਪਹਿਲਗਾਮ ਵਿਚ ਗੋਲੀ ਚਲਾਈ ਸੀ। ਜੋ ਤਿੰਨ ਓਵਰਗਰਾਊਂਡ ਵਰਕਰ ਸਨ, ਉਹ ਵੀ ਫੜੇ ਗਏ। ਇਕ ਤਰ੍ਹਾਂ ਪੂਰਾ ਕੇਸ ਹੱਲ ਹੋ ਗਿਆ ਹੈ। ਜੋ ਤਿੰਨ ਓਵਰਗਰਾਊਂਡ ਵਰਕਰ ਫੜੇ ਗਏ ਸਨ, ਉਨ੍ਹਾਂ ਨੂੰ ਅਸੀਂ ਕਾਨੂੰਨ ਦੀ ਅਦਾਲਤ ਵਿਚ ਸਜ਼ਾ ਦਿਵਾਵਾਂਗੇ ਅਤੇ ਸਾਡੇ ਕੋਲ ਇੰਨੇ ਪੱਕੇ ਸਬੂਤ ਇਕੱਠੇ ਹੋ ਗਏ ਹਨ ਕਿ ਅੰਤਰਰਾਸ਼ਟਰੀ ਮੰਚ ’ਤੇ ਵੀ ਅਸੀਂ ਇਹ ਸਿੱਧ ਕਰ ਸਕਦੇ ਹਾਂ ਕਿ ਇਹ ਸਾਜ਼ਿਸ਼ ਪਾਕਿਸਤਾਨ ਦੀ ਸੀ। ਇਹ ਆਪ੍ਰੇਸ਼ਨ ਅੱਤਵਾਦ ਦੇ ਖ਼ਿਲਾਫ਼ ਲੜਾਈ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ।
ਮਾਓਵਾਦੀ ਵੱਡੀ ਗਿਣਤੀ ਵਿਚ ਆਤਮ-ਸਮਰਪਣ ਕਰ ਰਹੇ ਹਨ। ਉਹ ਦੁਬਾਰਾ ਮਾਓਵਾਦ ਦੇ ਰਸਤੇ ’ਤੇ ਨਾ ਜਾਣ, ਇਸ ਲਈ ਤੁਸੀਂ ਕੀ ਕਰ ਰਹੇ ਹੋ?
ਸਰਕਾਰ ਨੇ ਨਕਸਲਵਾਦ ਖ਼ਿਲਾਫ਼ ਠੋਸ ਨੀਤੀ ਬਣਾਈ ਹੈ ਜੋ ਹਥਿਆਰ ਸੁੱਟ ਕੇ ਸਰੈਂਡਰ ਕਰੇਗਾ, ਉਸ ਨੂੰ ਛੇ ਮਹੀਨੇ ਤੱਕ ਸਰਕਾਰ ਦੀ ਨਿਗਰਾਨੀ ਵਿਚ ਰੱਖਿਆ ਜਾਵੇਗਾ। ਸਰਕਾਰ ਉਸ ਦੀ ਰੀਹੈਬਿਲੀਟੇਸ਼ਨ, ਹੁਨਰ ਵਿਕਾਸ ਅਤੇ ਪੁਨਰਵਾਸ ਦੀ ਪੂਰੀ ਵਿਵਸਥਾ ਦੇਖੇਗੀ। ਪਰ ਧਿਆਨ ਰਹੇ ਕਿ ਜੇ ਕੋਈ ਦੁਬਾਰਾ ਬੰਦੂਕ ਉਠਾਏਗਾ ਤਾਂ ਸੁਰੱਖਿਆ ਬਲ ਕਿਤੇ ਨਹੀਂ ਗਏ। ਉਹ ਮਾਓਵਾਦੀਆਂ ਨੂੰ ਮਾਕੂਲ ਜਵਾਬ ਦੇਣਾ ਵੀ ਜਾਣਦੇ ਹਨ।
ਤੁਸੀਂ ਕਿਹਾ ਸੀ ਕਿ ਭਗੌੜਾ ਕੋਈ ਵੀ ਹੋਵੇ, ਉਸ ਨੂੰ ਵਾਪਸ ਲਿਆਵਾਂਗੇ। ਪਰ ਕਈ ਦੇਸ਼ਾਂ ਦੇ ਕਾਨੂੰਨ ਭਗੌੜਿਆਂ ਸੰਬੰਧੀ ਸਾਡੇ ਦੇਸ਼ ਦੇ ਕਾਨੂੰਨ ਦੇ ਅਨੁਕੂਲ ਨਹੀਂ ਹਨ। ਇਸ ਹਾਲਤ ਵਿਚ ਉਨ੍ਹਾਂ ਨੂੰ ਵਾਪਸ ਲਿਆਣਾ ਕਿਵੇਂ ਸੰਭਵ ਹੋਵੇਗਾ?
ਅਸੀਂ ਭਗੌੜਿਆਂ ਨੂੰ ਵਾਪਸ ਲਿਆਉਣ ਵਿਚ ਪਿੱਛੇ ਨਹੀਂ ਹਟੇ। ਇਹ ਸੱਚ ਹੈ ਕਿ ਅੰਤਰਰਾਸ਼ਟਰੀ ਸੰਧੀਆਂ ਅਤੇ ਵਿਦੇਸ਼ੀ ਕਾਨੂੰਨ ਭਗੌੜਿਆਂ ਨੂੰ ਵਾਪਸ ਦੇਸ਼ ਲਿਆਉਣ ਵਿਚ ਮੁਸ਼ਕਲਾਂ ਪੈਦਾ ਕਰਦੇ ਹਨ, ਪਰ ਅਸੀਂ ਸੀਬੀਆਈ ਵਿਚ ਇਸ ਲਈ ਡੈਡੀਕੇਟਿਡ ਡਿਪਾਰਟਮੈਂਟ ਸਥਾਪਿਤ ਕਰ ਕੇ ਭਗੌੜਿਆਂ ਖ਼ਿਲਾਫ਼ ਬਲੂ-ਕਾਰਨਰ ਅਤੇ ਰੈੱਡ-ਕਾਰਨਰ ਨੋਟਿਸ ਜਾਰੀ ਕਰਨ, ਇੰਟਰਪੋਲ ਜ਼ਰੀਏ ਗ੍ਰਿਫਤਾਰੀ ਅਤੇ ਹਵਾਲਗੀ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਸਰਕਾਰ ਨੇ ਸੰਬੰਧਿਤ ਏਜੰਸੀਆਂ ਨਾਲ ਦੋ-ਦਿਨਾ ਵਰਕਸ਼ਾਪ ਕਰਕੇ ਇਕ ਸਟੀਕ ਐੱਸਓਪੀ ਬਣਾਇਆ ਹੈ। 2019 ਤੋਂ ਬਾਅਦ ਇਸ ਪ੍ਰਕਿਰਿਆ ਵਿਚ ਹੋਰ ਵੀ ਤੇਜ਼ੀ ਲਿਆਈ ਗਈ, ਜਿਸ ਦੇ ਸਕਾਰਾਤਮਕ ਨਤੀਜੇ ਵੀ ਆਏ ਹਨ। 2019 ਤੋਂ ਹੁਣ ਤੱਕ 157 ਭਗੌੜਿਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਸਾਲ 2025 ਇਸ ਦਿਸ਼ਾ ਵਿਚ ਮਹੱਤਵਪੂਰਨ ਹੈ, ਕਿਉਂਕਿ ਇਸ ਸਾਲ ਸਭ ਤੋਂ ਵੱਧ 45 ਭਗੌੜਿਆਂ ਦੀ ਹਵਾਲਗੀ ਦਾ ਟੀਚਾ ਅਸੀਂ ਛੂਹਣ ਜਾ ਰਹੇ ਹਾਂ। ਜਿਨ੍ਹਾਂ ‘ਤੇ ਵਿਦੇਸ਼ ਵਿਚ ਮੁਕੱਦਮੇ ਚੱਲ ਰਹੇ ਹਨ, ਉਨ੍ਹਾਂ ਦੀ ਨਿਆਇਕ ਪ੍ਰਕਿਰਿਆ ਜਾਰੀ ਹੈ। ਕੁਝ ‘ਤੇ ਹਾਲੇ ਵੀ ਕਾਰਵਾਈ ਚੱਲ ਰਹੀ ਹੈ। ਯੂਪੀਏ ਸਮੇਂ ਸਾਡੀਆਂ ਏਜੰਸੀਆਂ ਦਾ ਡਰ ਨਹੀਂ ਸੀ, ਅੱਜ ਮੋਦੀ ਸਰਕਾਰ ਭਗੌੜਿਆਂ ਦਾ ਪਿੱਛਾ ਵੀ ਕਰਦੀ ਹੈ, ਉਨ੍ਹਾਂ ਖ਼ਿਲਾਫ਼ ਅਦਾਲਤਾਂ ਵਿਚ ਕੇਸ ਲੜਦੀ ਹੈ ਅਤੇ ਉਨ੍ਹਾਂ ਨੂੰ ਨਿਆਇਕ ਪ੍ਰਕਿਰਿਆ ਤਹਿਤ ਦੇਸ਼ ਦੀਆਂ ਜੇਲ੍ਹਾਂ ਤੱਕ ਲਿਆਂਦਾ ਜਾ ਰਿਹਾ ਹੈ।
ਸੰਖੇਪ:
