29 ਅਗਸਤ 2024 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਦੀ ਸਿਫ਼ਰ ਸ਼ਹਿਣਸ਼ੀਲਤਾ ਪਾਲਿਸੀ ਹੈ। ਉਨ੍ਹਾਂ ਕਿਹਾ ਕਿ ਬਲਾਤਕਾਰ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਯਕੀਨੀ ਬਣਾਉਣ ਲਈ ਅਗਲੇ ਹਫ਼ਤੇ ਸੂਬਾਈ ਅਸੈਂਬਲੀ ਵਿਚ ਮੌਜੂਦਾ ਕਾਨੂੰਨ ਵਿਚ ਸੋਧ ਕੀਤੀ ਜਾਵੇਗੀ। ਬੈਨਰਜੀ ਨੇ ਕਿਹਾ ਕਿ ਜੇ ਰਾਜਪਾਲ ਨੇ ਸੋਧ ਬਿੱਲ ਨੂੰ ਪ੍ਰਵਾਨਗੀ ਦੇਣ ’ਚ ਦੇਰੀ ਕੀਤੀ ਜਾਂ ਫਿਰ ਅੱਗੇ ਰਾਸ਼ਟਰਪਤੀ ਕੋਲ ਭੇਜਿਆ ਤਾਂ ਉਹ ਰਾਜ ਭਵਨ ਦੇ ਬਾਹਰ ਧਰਨੇ ’ਤੇ ਬੈਠਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸਬੰਧੀ ਕਾਨੂੰਨ ਪਾਸ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਤ੍ਰਿਣਮੂਲ ਕਾਂਗਰਸ ਸ਼ਨਿੱਚਰਵਾਰ ਤੋਂ ਸੂਬੇ ਵਿਚ ਜ਼ਮੀਨੀ ਪੱਧਰ ’ਤੇ ਅੰਦੋਲਨ ਸ਼ੁਰੂ ਕਰੇਗੀ।

ਤ੍ਰਿਣਮੂਲ ਕਾਂਗਰਸ ਦੀ ਛਾਤਰਾ ਪ੍ਰੀਸ਼ਦ ਦੇ ਸਥਾਪਨਾ ਦਿਹਾੜੇ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਅਗਲੇ ਹਫ਼ਤੇ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਦੌਰਾਨ ਸੋਧਿਆ ਹੋਇਆ ਬਿੱਲ ਪਾਸ ਕਰਾਂਗੇ। ਅਸੀਂ ਇਸ ਨੂੰ ਪ੍ਰਵਾਨਗੀ ਲਈ ਅੱਗੇ ਰਾਜਪਾਲ ਨੂੰ ਭੇਜਾਂਗੇ। ਜੇ ਉਨ੍ਹਾਂ ਬਿੱਲ ਪਾਸ ਕਰਨ ਵਿਚ ਦੇਰੀ ਕੀਤੀ ਤਾਂ ਅਸੀਂ ਰਾਜ ਭਵਨ ਦੇ ਬਾਹਰ ਧਰਨਾ ਦੇਵਾਂਗੇ।’’ ਬੈਨਰਜੀ ਨੇ ਬੰਗਾਲ ਦੇ ਮੁੁਜ਼ਾਹਰਾਕਾਰੀ ਜੂਨੀਅਰ ਡਾਕਟਰਾਂ, ਜੋ ਪਿਛਲੇ 20 ਦਿਨਾਂ ਤੋਂ ਹੜਤਾਲ ’ਤੇ ਹਨ, ਨੂੰ ਅਪੀਲ ਕੀਤੀ ਕਿ ਉਹ ਕੰਮਾਂ ਉੱਤੇ ਪਰਤ ਆਉਣ। ਭਾਜਪਾ ਵੱਲੋਂ ਦਿੱਤੇ 12 ਘੰਟੇ ਬੰਦ ਦੇ ਸੱਦੇ ਲਈ ਪਾਰਟੀ ’ਤੇ ਵਰ੍ਹਦਿਆਂ ਬੈਨਰਜੀ ਨੇ ਕਿਹਾ, ‘‘ਉਨ੍ਹਾਂ ਬੰਦ ਦਾ ਸੱਦਾ ਦਿੱਤਾ ਕਿਉਂਕਿ ਉਹ ਇਕ ਲਾਸ਼ ਦੇ ਨਾਂ ਉੱਤੇ ਸਿਆਸੀ ਲਾਭ ਲੈਣਾ ਚਾਹੁੰਦੇ ਹਨ। ਭਾਜਪਾ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਹ ਬੰਗਾਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਜਾਂਚ ਲੀਹੋਂ ਲਾਹੁਣ ਲਈ ਸਾਜ਼ਿਸ਼ ਘੜੀ ਹੈ ਤਾਂ ਕਿ ਪੀੜਤ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲੇ।’’ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਨੇ ਵੀ ਕੇਂਦਰ ਸਰਕਾਰ ਤੋਂ ਬਲਾਤਕਾਰ ਖਿਲਾਫ਼ ਸਖ਼ਤ ਕਾਨੂੰਨ ਬਣਾਏ ਜਾਣ ਦੀ ਮੰਗ ਕਰਦਿਆਂ ਕਿਹਾ ਉਹ ਲੋਕ ਸਭਾ ਵਿਚ ਇਸ ਸਬੰਧੀ ਪ੍ਰਾਈਵੇਟ ਮੈਂਬਰਜ਼ ਬਿੱਲ ਰੱਖਣਗੇ। ਪਾਰਟੀ ਦੇ ਕੌਮੀ ਜਨਰਲ ਸਕੱਤਰ ਬੈਨਰਜੀ ਨੇ ਕਿਹਾ ਕਿ ਜੇ ਕੇਂਦਰ ਸਖ਼ਤ ਕਾਨੂੰਨ ਬਣਾਉਣ ’ਚ ਨਾਕਾਮ ਰਿਹਾ ਤਾਂ ਉਹ ਦਿੱਲੀ ’ਚ ਰੋਸ ਮੁਜ਼ਾਹਰਾ ਕਰਨਗੇ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।