ਫਾਜ਼ਿਲਕਾ, 14 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 134ਵੀਂ ਜਯੰਤੀ ਮੌਕੇ ਸਥਾਨਕ ਐਮ.ਆਰ. ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਅਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ, ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ ਨੇ ਮਹਾਨ ਸਖ਼ਸੀਅਤ ਦੀ ਤਸਵੀਰ *ਤੇ ਨਤਮਸਤਕ ਹੋ ਕੇ ਫੁੱਲ ਭੇਟ ਕੀਤੇ ਅਤੇ ਸਮਾਜਿਕ ਭੇਦਭਾਵ ਦੇ ਖਿਲਾਫ ਲੜਨ ਵਾਲੇ ਅਤੇ ਔਰਤਾਂ ਅਤੇ ਸਮਾਜ ਦੇ ਪਿਛੜੇ ਵਰਗਾਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਡਾ. ਭੀਮ ਰਾਓ ਅੰਬੇਡਕਰ ਨੁੰ ਸਿਜਦਾ ਕੀਤਾ।
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈਚਾਰਕ ਸਾਂਝ ਨੂੰ ਹੁਲਾਰੇ ਵਜੋਂ ਇਕ ਵਡੀ ਦੇਣ ਡਾ. ਭੀਮ ਰਾਓ ਅੰਬੇਡਕਰ ਵੱਲੋਂ ਸਾਨੂੰ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਪ੍ਰਸਿੱਧ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ।ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਸਿਖਿਆਵਾਂ ਅਤੇ ਰਾਹਾਂ *ਤੇ ਚੱਲ ਕੇ ਭਾਈਚਾਰਕ ਸਾਂਝ ਮਜਬੂਤ ਕਰ ਰਹੀ ਹੈ ਤੇ ਹਰੇਕ ਵਰਗ ਨੁੰ ਨਾਂਲ ਲੈ ਕੇ ਸੂਬੇ ਨੂੰ ਤਰੱਕੀ ਦੀਆਂ ਰਾਹਾਂ *ਤੇ ਲੈ ਕੇ ਜਾ ਰਹੇ ਹਨ।
ਸ੍ਰੀ ਸਵਨਾ ਨੇ ਕਿਹਾ ਕਿ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਡਾਕਟਰ ਅੰਬੇਡਕਰ ਸਿਰਫ਼ ਦੱਬੇ ਕੁੱਚਲੇ ਲੋਕਾਂ ਦੇ ਹੀ ਮਸੀਹਾ ਨਹੀਂ ਹਨ ਬਲਕਿ ਇੱਕ ਯੁੱਗ ਪੁਰਸ਼ ਹੁੰਦੇ ਹੋਏ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕਰਨ ਵਾਲੇ ਮਹਾਨ ਵਿਦਵਾਨ ਸਨ। ਉਨ੍ਹਾਂ ਹਾਜਰੀਨ ਨੁੰ ਕਿਹਾ ਕਿ ਆਪਾਂ ਬਾਬਾ ਸਾਹਿਬ ਦੇ ਵਿਚਾਰਾਂ *ਤੇ ਅਮਲੇ ਕਰਦਿਆਂ ਸਮਾਜ ਵਿਰੋਧੀ ਅਨਸਰਾਂ ਨੂੰ ਇਕਜੁੱਟ ਹੋਣ ਦਾ ਸਬੂਤ ਦੇਈਏ ਅਤੇ ਨਸਿਆਂ ਵਰਗੀਆਂ ਮਾੜੀਆਂ ਕੁਰੀਤੀਆਂ ਦਾ ਖਾਤਮਾ ਕਰਕੇ ਵਿਖਾਈਏ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰੀਏ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਤਾਕਤ ਸਾਡਾ ਨੁਕਸਾਨ ਨਾ ਪਹੁੰਚਾ ਸਕੇ।
ਇਸ ਮੌਕੇ ਖੁਸ਼ਬੂ ਸਾਵਨ ਸੁਖਾ ਸਵਨਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਔਰਤਾਂ ਅਤੇ ਕਿਰਤੀਆਂ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵਲੋਂ ਦਿੱਤੀ ਇਹ ਦੇਣ ਪ੍ਰਤੀ ਔਰਤਾਂ ਅਤੇ ਲੜਕੀਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸੋਚ *ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਵੱਲੋਂ ਦਿਖਾਈ ਦਿਸ਼ਾ *ਤੇ ਚਲਣਾ ਚਾਹੀਦਾ ਹੈ।
ਇਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਵਲੋਂ ਸਿਖਿਆ ਖੇਤਰ ਨੂੰ ਵੱਧ ਤੋਂ ਵੱਧ ਉਜਾਗਰ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਸਿਖਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਿਖਿਆ ਹਾਸਲ ਕਰਕੇ ਅਸੀਂ ਕਿਸੇ ਵੀ ਪਦਵੀ *ਤੇ ਪਹੁੰਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਇਕ ਦੂਸਰੇ ਦਾ ਭਲਾ ਕਰਨਾ ਪ੍ਰਤੀ ਵੀ ਸੁਨੇਹਾ ਦਿੱਤਾ ਗਿਆ ਤਾਂ ਜੋ ਲੋਕ ਇਕ ਦੂਸਰੇ ਦੇ ਕੰਮ ਆ ਸਕਣ ਤੇ ਭਲਾਈ ਦਾ ਪ੍ਰਸਾਰ ਹੋ ਸਕੇ।
ਇਸ ਮੋਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੁੱਖ ਮਹਿਮਾਨ ਵੱਲੋ ਸਭ ਨੂੰ ਸਹੁੰ ਵੀ ਚੁਕਾਈ ਗਈ ਤੇ ਬਾਬਾ ਸਾਹਿਬ ਨੂੰ ਸਮਰਪਿਤ ਭਲਾਈ ਵਿਭਾਗ ਵੱਲੋਂ ਜਾਰੀ ਕਿਤਾਬਚਾ ਵੀ ਰਿਲੀਜ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੁੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਬਾਬਾ ਸਾਹਿਬ ਦੇ ਸਿਧਾਂਤਾਂ ਤੇ ਉਨ੍ਹਾਂ ਦੀ ਜੀਵਨੀ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ ਗਿਆ ਤੇ ਸਭਨਾ ਦੇ ਅੰਦਰ ਆਪਣੀ ਸਾਂਝ ਨੂੰ ਮਜਬੂਤ ਕਰਨ ਤੇ ਵੱਧ ਤੋਂ ਵੱਧ ਭਲਾਈ ਕਾਰਜਾਂ ਨੁੰ ਅਪਣਾਉਣ ਬਾਰੇ ਪ੍ਰਣ ਕੀਤਾ ਗਿਆ।
ਇਸ ਤੋਂ ਪਹਿਲਾ ਸਹਾਇਕ ਕਮਿਸ਼ਨਰ ਸ. ਅਮਨਦੀਪ ਸਿੰਘ ਮਾਵੀ ਤੇ ਵੱਖ-ਵੱਖ ਐਸੋਸੀਏਸ਼ਨਾ, ਸੰਗਠਨਾਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਡੀ.ਸੀ. ਕੰਪਲੈਕਸ ਵਿਖੇ ਸਥਾਪਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ *ਤੇ ਵੀ ਫੁੱਲ ਭੇਂਟ ਕੀਤੇ ਗਏ ਤੇ ਬਾਬਾ ਸਾਹਿਬ ਦੀ ਜੀਵਨੀ ਨੁੰ ਯਾਦ ਕੀਤਾ ਗਿਆ।
ਇਸ ਮੌਕੇ ਐਮ.ਆਰ. ਕਾਲਜ ਪ੍ਰਿੰਸਪੀਲ ਗੁਰਸ਼ਿੰਦਰ ਕੌਰ, ਭਲਾਈ ਵਿਭਾਗ ਤੋਂ ਓਮ ਪ੍ਰਕਾਸ਼, ਸਾਜਨ ਖਰਬਾਟ ਤੋਂ ਇਲਾਵਾ ਹੋਰ ਪਤਵੰਤੇ ਸਜਨ ਅਤੇ ਅਧਿਕਾਰੀ ਸਾਹਿਬਾਨ ਮੌਜੂਦ ਸਨ।