20 ਸਤੰਬਰ 2024 :  ਅਲਜ਼ਾਈਮਰ (Alzheimer’s Disease) ਰੋਗ ਅਜਿਹੀ ਬਿਮਾਰੀ ਹੈ, ਜਿਸ ਵਿਚ ਦਿਮਾਗ਼ ਵਿਚ ਏਮੋਲੇਡ ਬੀਟਾ ਪ੍ਰੋਟੀਨ ਜਮ੍ਹਾ ਹੋਣ ਕਾਰਨ ਦਿਮਾਗ਼ ਦੇ ਸੈੱਲ ਪ੍ਰਭਾਵਿਤ ਹੋਣੇ ਸ਼ੁਰੂ ਹੋ ਜਾਂਦੇ ਹਨ। ਦਰਅਸਲ ਇਹ ਵੱਧਦੀ ਉਮਰ ਦਾ ਰੋਗ ਹੈ, ਜੋ ਜੀਵਨਸ਼ੈਲੀ ਦੇ ਖ਼ਰਾਬ ਹੋਣ ‘ਤੇ ਤੇਜ਼ੀ ਨਾਲ ਵਧਦੀ ਹੈ। ਇਸ ‘ਚ ਵਿਅਕਤੀ ਦੀ ਯਾਦਦਾਸ਼ਤ, ਸਮਝ ਅਤੇ ਫੈਸਲਾ ਲੈਣ ਦੀ ਸਮਰੱਥਾ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ। ਅਜਿਹੇ ‘ਚ ਹਰ ਸਾਲ 21 ਸਤੰਬਰ ਨੂੰ ਮਨਾਏ ਜਾਣ ਵਾਲੇ ਵਿਸ਼ਵ ਅਲਜ਼ਾਈਮਰ ਦਿਵਸ 2024 (World Alzheimer’s Day 2024) ਦੇ ਮੌਕੇ ‘ਤੇ ਜਾਗਰਣ ਦੇ ਬ੍ਰਹਮਾਨੰਦ ਮਿਸ਼ਰਾ ਨੇ ਫੋਰਟਿਸ ਹਸਪਤਾਲ, ਗੁਰੂਗ੍ਰਾਮ ਦੇ ਨਿਊਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾਕਟਰ ਪ੍ਰਵੀਨ ਗੁਪਤਾ ਨਾਲ ਖਾਸ ਗੱਲਬਾਤ ਕੀਤੀ। ਜਾਣਦੇ ਹਾਂ ਇਸ ਬਿਮਾਰੀ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ।

ਕੀ ਹਨ ਸ਼ੁਰੂਆਤੀ ਲੱਛਣ

ਇਸ ਦੇ ਲੱਛਣਾਂ ਬਾਰੇ ਗੱਲ ਕਰੀਏ ਤਾਂ ਅਲਜ਼ਾਈਮਰ ਤੋਂ ਪੀੜਤ ਵਿਅਕਤੀ ਨੂੰ ਸ਼ਬਦ ਯਾਦ ਨਹੀਂ ਰਹਿੰਦੇ, ਦਿਸ਼ਾਵਾਂ ਭੁੱਲਣ ਲੱਗ ਪੈਂਦਾ ਹੈ ਤੇ ਇੱਥੋਂ ਤਕ ਕਿ ਖਾਣਾ ਖਾ ਕੇ ਵੀ ਭੁੱਲ ਜਾਂਦੇ ਹਨ। ਜਦੋਂ ਬਿਮਾਰੀ ਗੰਭੀਰ ਹੋ ਜਾਂਦੀ ਹੈ, ਤਾਂ ਉਹ ਹੌਲੀ-ਹੌਲੀ ਲੋਕਾਂ ਨੂੰ ਪਛਾਣਨਾ ਬੰਦ ਕਰ ਦਿੰਦਾ ਹੈ। ਆਖ਼ਰਕਾਰ ਅਜਿਹਾ ਵਿਅਕਤੀ ਖ਼ੁਦ ਨੂੰ ਸੰਭਾਲਣ ਤੋਂ ਅਸਮਰੱਥ ਹੁੰਦਾ ਹੈ। ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੇ ਨਾਂ ਵੀ ਭੁੱਲਣ ਲੱਗ ਪੈਂਦਾ ਹੈ।

ਕੀ ਛੋਟੀ ਉਮਰ ’ਚ ਵੀ ਹੁੰਦੀ ਸਮੱਸਿਆ?

ਜੋ ਲੋਕ ਛੋਟੀ ਉਮਰ ਵਿਚ ਭੁੱਲਣਾ ਸ਼ੁਰੂ ਕਰ ਦਿੰਦੇ ਹਨ, ਉਨ੍ਹਾਂ ਨੂੰ ਆਮ ਤੌਰ ‘ਤੇ ਅਲਜ਼ਾਈਮਰ ਨਹੀਂ ਹੁੰਦਾ। ਦਰਅਸਲ ਕੰਮ ਦੇ ਦਬਾਅ ਜਾਂ ਡਿਪਰੈਸ਼ਨ ਕਾਰਨ ਅਜਿਹੇ ਲੋਕਾਂ ਦਾ ਦਿਮਾਗ਼ ਭਰਿਆ ਰਹਿੰਦਾ ਹੈ ਜਾਂ ਉਹ ਪੂਰੀ ਤਰ੍ਹਾਂ ਇਕਾਗਰ ਨਹੀਂ ਹੋ ਪਾਉਂਦੇ, ਇਸ ਲਈ ਭੁੱਲਣ ਦੀ ਸਮੱਸਿਆ ਹੁੰਦੀ ਹੈ। ਅਲਜ਼ਾਈਮਰ ਵੀ ਛੋਟੀ ਉਮਰ ਵਿਚ ਹੁੰਦਾ ਹੈ ਪਰ ਇਹ ਬਹੁਤ ਘੱਟ ਹੁੰਦਾ ਹੈ। ਵਿਟਾਮਿਨ ਬੀ12 (Vitamin B12) ਦੀ ਕਮੀ ਜਾਂ ਥਾਇਰਾਇਡ ਅਸੰਤੁਲਨ ਵੀ ਭੁੱਲਣ ਦਾ ਕਾਰਨ ਬਣਦਾ ਹੈ।

ਕਦੋਂ ਹੋਣਾ ਹੈ ਸੁਚੇਤ?

ਅਲਜ਼ਾਈਮਰ ਰੋਗ ਦੀ ਸੰਭਾਵਨਾ ਆਮ ਤੌਰ ‘ਤੇ 60 ਸਾਲ ਦੀ ਉਮਰ ਤੋਂ ਬਾਅਦ ਹੀ ਹੁੰਦੀ ਹੈ। ਵਿਟਾਮਿਨ ਬੀ 12 ਜਾਂ ਥਾਇਰਾਇਡ ਅਸੰਤੁਲਨ ਅਲਜ਼ਾਈਮਰ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਪਰ ਇਹ ਅਲਜ਼ਾਈਮਰ ਨਹੀਂ ਹੁੰਦਾ। B12 ਅਤੇ ਥਿਆਮੀਨ ਦੀ ਕਮੀ ਭੁੱਲਣ ਦੀ ਸਮੱਸਿਆ ਹੋ ਸਕਦੀ ਹੈ।

ਕਿਵੇਂ ਜ਼ਿੰਮੇਵਾਰ ਹੈ ਜੀਵਨਸ਼ੈਲੀ?

ਜੀਵਨਸ਼ੈਲੀ ਦਾ ਅਸੰਤੁਲਨ ਵੀ ਅਲਜ਼ਾਈਮਰ ਦਾ ਵੱਡਾ ਕਾਰਨ ਹੈ। ਸਮੇਂ ਸਿਰ ਖਾਣਾ, ਲੋੜੀਂਦੀ ਨੀਂਦ ਲੈਣਾ, ਸਰੀਰਕ ਤੌਰ ‘ਤੇ ਕਿਰਿਆਸ਼ੀਲ ਰਹਿਣਾ, ਕੋਲੈਸਟ੍ਰੋਲ ਵਧਾਉਣ ਵਾਲੇ ਭੋਜਨਾਂ ਤੋਂ ਪਰਹੇਜ਼ ਕਰਨਾ ਅਤੇ ਤਣਾਅ-ਮੁਕਤ ਜੀਵਨਸ਼ੈਲੀ ਨਾਲ ਡਿਮੈਂਸ਼ੀਆ ਅਤੇ ਅਲਜ਼ਾਈਮਰ ਰੋਗ ਦੇ ਖ਼ਤਰੇ ਨੂੰ ਰੋਕਿਆ ਜਾ ਸਕਦਾ ਹੈ। ਲਗਾਤਾਰ ਸਕਰੀਨਾਂ ‘ਤੇ ਕੰਮ ਕਰਨਾ ਜਾਂ ਆਰਟੀਫਿਸ਼ੀਅਲ ਲਾਈਟ ‘ਚ ਰਹਿਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ ਕੇ ਰਿਧਮ ਖ਼ਰਾਬ ਹੋ ਜਾਂਦੀ ਹੈ। ਜੇ ਪੂਰੀ ਨੀਂਦ ਲਵੋਗੇ ਤਾਂ ਤੁਹਾਡੇ ਦਿਮਾਗ਼ ਨੂੰ ਆਰਾਮ ਮਿਲੇਗਾ।

ਕੀ ਹੈ ਇਲਾਜ?

ਅਲਜ਼ਾਈਮਰ ਦੇ ਲੱਛਣ ਸਪੱਸ਼ਟ ਹੋਣ ਤੋਂ ਬਾਅਦ ਇਸ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ, ਇਸ ਨੂੰ ਬੋਧਾਤਮਿਕ ਥੈਰੇਪੀ, ਵਿਹਾਰ ਥੈਰੇਪੀ, ਯੋਗਾ, ਪ੍ਰਾਣਾਯਾਮ ਅਤੇ ਦਵਾਈ ਦੁਆਰਾ ਵੀ ਕੰਟਰੋਲ ਕੀਤਾ ਜਾ ਸਕਦਾ ਹੈ।

ਜ਼ਰੂਰੀ ਗੱਲਾਂ

– ਅਲਜ਼ਾਈਮਰ ਤੇ ਡਿਮੈਂਸ਼ੀਆ ਤੋਂ ਬਚਣ ਲਈ ਤਣਾਅ ਮੁਕਤ ਰਹਿਣ ਦੀ ਕੋਸ਼ਿਸ਼ ਕਰੋ।

– ਦਿਮਾਗ਼ ਨੂੰ ਕਿਰਿਆਸ਼ੀਲ ਰੱਖਣ ਲਈ ਕੋਈ ਸ਼ੌਕ ਵਿਕਸਤ ਕਰੋ ਜਾਂ ਬੌਧਿਕ ਕੰਮ ਵਿਚ ਸਰਗਰਮੀ ਵਧਾਓ।

– ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖੋ। ਨਿਯਮਿਤ ਤੌਰ ‘ਤੇ ਕਸਰਤ ਕਰੋ ਅਤੇ ਸਿਗਰਟ ਨਾ ਪੀਓ।

– ਤਲੇ ਹੋਏ ਭੋਜਨ, ਘਿਓ, ਤੇਲ ਅਤੇ ਚਿਕਨਾਈ ਤੋਂ ਪਰਹੇਜ਼ ਕਰੋ।

– ਫਲ ਅਤੇ ਸਬਜ਼ੀਆਂ ਖਾਓ ਪਰ ਨਮਕ ਦੀ ਮਾਤਰਾ ਸੀਮਤ ਕਰੋ।

– ਅਖਰੋਟ ਅਤੇ ਬਦਾਮ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।

– ਮੱਛੀ ਦੇ ਤੇਲ ਵਿਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦਾ ਹੈ।

ਜ਼ਰੂਰੀ ਹੈ ਭਰਪੂਰ ਨੀਂਦ

ਘੱਟੋ-ਘੱਟ ਛੇ ਤੋਂ ਅੱਠ ਘੰਟੇ ਦੀ ਨੀਂਦ ਜ਼ਰੂਰੀ ਹੈ। ਸੌਣ ਦਾ ਸਮਾਂ ਨਿਰਧਾਰਤ ਕਰੋ। ਸੌਣ ਤੋਂ ਪਹਿਲਾਂ ਮੋਬਾਈਲ ਦੇਖਣਾ ਬੰਦ ਕਰ ਦਿਓ। ਦਿਮਾਗ਼ ਵਿਚ ਕੋਈ ਵੀ ਵਿਚਾਰ ਨਹੀਂ ਆਉਣਾ ਚਾਹੀਦਾ, ਸ਼ਾਂਤ ਰਹੋ ਤੇ ਸੌਂਵੋ, ਤਾਂ ਜੋ ਤੁਹਾਨੂੰ ਚੰਗੀ ਗੂੜ੍ਹੀ ਨੀਂਦ ਆ ਸਕੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।