19 ਜੂਨ (ਪੰਜਾਬੀ ਖਬਰਨਾਮਾ): ਪੰਜਾਬ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਗਰਮੀ ਪਿਛਲੇ 65 ਸਾਲਾਂ ਦੇ ਪੁਰਾਣੇ ਰਿਕਾਰਡ ਤੋੜ ਰਹੀ ਹੈ ਤਾਂ ਓਧਰ ਪੰਜਾਬ ‘ਚ ਬਿਜਲੀ ਦੀ ਮੰਗ ਵੀ ਰਿਕਾਰਡ ਬਣਾ ਗਈ ਹੈ। ਮੌਜੂਦਾ ਹਾਲਾਤ ਵਿਚ ਆਉਂਦੇ ਦਿਨਾਂ ‘ਚ ਜੇ ਗਰਮੀ ਤੋਂ ਕੋਈ ਰਾਹਤ ਨਾ ਮਿਲੀ ਤਾਂ ਪਾਵਰਕੌਮ ਕੋਲ ਬਿਜਲੀ ਕੱਟ ਲਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚੇਗਾ।
ਬਿਜਲੀ ਦੀ ਮੰਗ 15,390 ਮੈਗਾਵਾਟ ਨੂੰ ਛੂਹ ਗਈ ਹੈ, ਜੋ ਪਾਵਰਕੌਮ ਦੇ ਇਤਿਹਾਸ ‘ਚ ਨਵਾਂ ਰਿਕਾਰਡ ਹੈ। ਬਿਜਲੀ ਦੀ ਮੰਗ ਕਦੇ ਵੀ ਏਨੀ ਨਹੀਂ ਰਹੀ ਹੈ। ਪਾਵਰਕੌਮ ਨੇ 16 ਹਜ਼ਾਰ ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਕਿਸਾਨਾਂ ਨੇ ਤਪਸ਼ ਕਾਰਨ ਹਾਲੇ ਝੋਨੇ ਦੀ ਲੁਆਈ ਸ਼ੁਰੂ ਨਹੀਂ ਕੀਤੀ, ਪਰ 20 ਜੂਨ ਮਗਰੋਂ ਝੋਨੇ ਦੀ ਲੁਆਈ ਦੇ ਜ਼ੋਰ ਫੜਨ ਨਾਲ ਬਿਜਲੀ ਦੀ ਮੰਗ ਹੋਰ ਉੱਤੇ ਜਾਏਗੀ।
ਬਿਜਲੀ ਦੀ ਤੇਜ਼ ਰਫ਼ਤਾਰੀ ਮੰਗ ਅੱਗੇ ਪਾਵਰਕੌਮ ਦੇ ਪ੍ਰਬੰਧ ਹੱਥ ਖੜ੍ਹੇ ਕਰ ਸਕਦੇ ਹਨ। ਪੰਜਾਬ ਦੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਲਗਾਤਾਰ ਜਾਰੀ ਹੈ ਅਤੇ ਬਿਜਲੀ ਖ਼ਰੀਦ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਕੁਝ ਹਿੱਸਿਆਂ ‘ਚੋਂ ਬਿਜਲੀ ਦੇ ਕੱਟ ਲੱਗਣ ਦੀਆਂ ਵੀ ਖ਼ਬਰਾਂ ਹਨ।
ਪਾਵਰਕੌਮ ਦੀ ਟੇਕ ਵੀ ਹੁਣ ਗਰਮੀ ਵਿਚ ਨਰਮੀ ‘ਤੇ ਹੀ ਹੈ। ਮੌਸਮ ਵਿਭਾਗ ਨੇ ਅੱਜ ਲੂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮਾਹਿਰ ਆਖਦੇ ਹਨ ਕਿ ਬੁੱਧਵਾਰ ਨੂੰ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਕਟੌਤੀ ਹੋਣ ਦਾ ਅਨੁਮਾਨ ਹੈ।