ਪੰਜਾਬ, 06 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਦੇ ਫਤਿਹਗੜ੍ਹ ਚੂੜੀਆਂ ਦੇ ਜਸਪਾਲ ਸਿੰਘ ਨੇ ਅਮਰੀਕਾ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਸੁਪਨੇ ਨਾਲ 24 ਫਰਵਰੀ 2024 ਨੂੰ ਭਾਰਤ ਛੱਡ ਦਿੱਤਾ। ਚੰਗੇ ਭਵਿੱਖ ਦੀਆਂ ਉਮੀਦਾਂ ਵਿਚ ਆਪਣਾ ਸਭ ਕੁਝ ਦਾਅ ‘ਤੇ ਲਗਾ ਕੇ ਉਹ ਅਮਰੀਕਾ ਲਈ ਰਵਾਨਾ ਹੋ ਗਿਆ, ਪਰ ਸਭ ਕੁਝ ਉਸ ਦੀਆਂ ਉਮੀਦਾਂ ਦੇ ਉਲਟ ਹੋਇਆ। ਉਸ ਨੂੰ ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਉਸ ਦੀ ਸਾਰੀ ਬਚਤ ਵੀ ਖਤਮ ਹੋ ਗਈ ਅਤੇ ਸੁਪਨੇ ਵੀ ਚਕਨਾਚੂਰ ਹੋ ਗਏ।
ਜਸਪਾਲ ਉਨ੍ਹਾਂ 104 ਭਾਰਤੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਬੁੱਧਵਾਰ (5 ਫਰਵਰੀ) ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ। ਇਹ ਸਾਰੇ 104 ਲੋਕ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਸਨ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਅਤੇ ਨਵੀਂ ਨੀਤੀ ਤੋਂ ਬਾਅਦ ਇਹ ਲੋਕ ਭਾਰਤ ਪਰਤ ਆਏ ਹਨ। ਟਰੰਪ ਅਮਰੀਕਾ ਵਿਚ ਰਹਿ ਰਹੇ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਰਹੇ ਹਨ।
ਜਸਪਾਲ ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਸੈਟਲ ਹੋਣਾ ਚਾਹੁੰਦਾ ਸੀ। ਇਸ ਲਈ ਉਸ ਨੇ ਏਜੰਟ ਨੂੰ 30 ਲੱਖ ਰੁਪਏ ਵੀ ਦਿੱਤੇ ਪਰ ਏਜੰਟ ਨੇ ਧੋਖਾਧੜੀ ਕੀਤੀ। ਗੱਲਬਾਤ ਕਰਦਿਆਂ ਜਸਪਾਲ ਦਾ ਕਹਿਣਾ ਹੈ, ‘ਮੇਰਾ ਏਜੰਟ ਨਾਲ ਸਮਝੌਤਾ ਹੋਇਆ ਸੀ ਕਿ ਉਹ ਮੈਨੂੰ ਕਾਨੂੰਨੀ ਤੌਰ ‘ਤੇ ਵੀਜ਼ਾ ਦੇ ਕੇ ਅਮਰੀਕਾ ਭੇਜ ਦੇਵੇਗਾ, ਪਰ ਮੇਰੇ ਨਾਲ ਧੋਖਾ ਹੋਇਆ। ਇਹ ਸੌਦਾ 30 ਲੱਖ ਦਾ ਸੀ ਅਤੇ ਹੁਣ ਮੇਰੇ ਸਾਰੇ ਪੈਸੇ ਵੀ ਖਤਮ ਹੋ ਗਏ ਹਨ। ਏਜੰਟ ਨੇ ਪਹਿਲਾਂ ਮੈਨੂੰ ਪੰਜਾਬ ਤੋਂ ਯੂਰਪ ਭੇਜਿਆ। ਮੈਂ ਇਸ ਸੋਚ ਰਿਹਾ ਸੀ ਕਿ ਮੈਂ ਜਾਇਜ਼ ਤੌਰ ‘ਤੇ ਜਾ ਰਿਹਾ ਹਾਂ। ਉਥੋਂ ਮੈਂ ਬ੍ਰਾਜ਼ੀਲ ਗਿਆ ਅਤੇ ਫਿਰ ਮੈਨੂੰ ‘ਡਿੰਕੀ’ ਰਸਤੇ ਭੇਜ ਦਿੱਤਾ ਗਿਆ।
6 ਮਹੀਨੇ ਡੰਕੀ ਰੂਟ ਉਤੇ ਬਿਤਾਏ
ਜਸਪਾਲ ਦੱਸਦਾ ਹੈ ਕਿ ਉਸ ਨੂੰ ਡੰਕੀ ਰਸਤੇ ਅਮਰੀਕਾ ਪਹੁੰਚਣ ਵਿਚ 6 ਮਹੀਨੇ ਲੱਗ ਗਏ ਅਤੇ ਜਿਵੇਂ ਹੀ ਉਹ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਦਾਖਲ ਹੋਇਆ ਤਾਂ ਗਸ਼ਤ ਕਰ ਰਹੇ ਜਵਾਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਹ ਇਸ ਜਨਵਰੀ ਵਿਚ ਅਮਰੀਕਾ ਪਹੁੰਚਿਆ ਸੀ। ਉਹ 11 ਦਿਨ ਅਮਰੀਕਾ ਵਿਚ ਰਿਹਾ ਅਤੇ ਇਹ ਸਾਰੇ ਦਿਨ ਹਿਰਾਸਤ ਵਿਚ ਬਿਤਾਏ।
ਹਥਕੜੀਆਂ ਅਤੇ ਬੇੜੀਆਂ ਪਾ ਕੇ ਲਿਆਏ
ਉਹ ਕਹਿੰਦਾ ਹੈ, ‘ਜਦੋਂ ਮੈਨੂੰ ਫੌਜੀ ਜਹਾਜ਼ ‘ਚ ਸਵਾਰ ਕੀਤਾ ਗਿਆ ਤਾਂ ਮੈਨੂੰ ਲੱਗਾ ਕਿ ਕਿਤੇ ਨਜ਼ਰਬੰਦੀ ਕੇਂਦਰ ‘ਚ ਲਿਜਾਇਆ ਜਾ ਰਿਹਾ ਹੈ। ਮੈਨੂੰ ਨਹੀਂ ਪਤਾ ਸੀ ਕਿ ਇਹ ਲੋਕ ਮੈਨੂੰ ਭਾਰਤ ਵਾਪਸ ਭੇਜ ਰਹੇ ਹਨ। ਬਾਅਦ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਭਾਰਤ ਵਾਪਸ ਜਾ ਰਹੇ ਹਾਂ। ਜਸਪਾਲ ਦਾ ਕਹਿਣਾ ਹੈ ਕਿ ਉਸ ਨੂੰ ਹਥਕੜੀਆਂ ਅਤੇ ਬੇੜੀਆਂ ਪਾ ਕੇ ਅਮਰੀਕਾ ਤੋਂ ਬਾਹਰ ਭੇਜਿਆ ਗਿਆ ਸੀ। ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਹਥਕੜੀ ਉਤਾਰ ਦਿੱਤੀ ਗਈ। ਜਦੋਂ ਉਹ ਫੌਜੀ ਜਹਾਜ਼ ਤੋਂ ਬਾਹਰ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਭਾਰਤ ਵਾਪਸ ਆ ਗਿਆ ਹੈ।
ਸੰਖੇਪ:- ਫਤਿਹਗੜ੍ਹ ਚੂੜੀਆਂ ਦੇ ਜਸਪਾਲ ਸਿੰਘ ਨੇ 30 ਲੱਖ ਰੁਪਏ ਦੇ ਕੇ ਅਮਰੀਕਾ ਜਾ ਕੇ ਨਵੀਂ ਜ਼ਿੰਦਗੀ ਦੀ ਆਸ ਨਾਲ ਡੰਕੀ ਰਸਤੇ 6 ਮਹੀਨੇ ਬਿਤਾਏ। ਅਮਰੀਕਾ ਪਹੁੰਚਣ ‘ਤੇ ਉਹ 11 ਦਿਨ ਹਿਰਾਸਤ ਵਿੱਚ ਰਿਹਾ ਅਤੇ ਹਥਕੜੀਆਂ ਪਾ ਕੇ ਭਾਰਤ ਵਾਪਸ ਭੇਜਿਆ ਗਿਆ। ਟਰੰਪ ਸਰਕਾਰ ਦੀ ਸਖ਼ਤ ਨੀਤੀ ਕਾਰਨ ਜਸਪਾਲ ਸਮੇਤ 104 ਗੈਰ-ਕਾਨੂੰਨੀ ਪਰਵਾਸੀ ਫੌਜੀ ਜਹਾਜ਼ ਰਾਹੀਂ ਵਾਪਸ ਲਿਆਂਦੇ ਗਏ।