26 ਜੂਨ (ਪੰਜਾਬੀ ਖਬਰਨਾਮਾ): ਅੱਜ ਦੇ ਸਮੇਂ ‘ਚ ਨਸ਼ੇ ਦੇ ਮਾਮਲੇ ਲਗਾਤਾਰ ਵਧਦੇ ਨਜ਼ਰ ਆ ਰਹੇ ਹਨ। ਘੱਟ ਉਮਰ ‘ਚ ਹੀ ਬੱਚੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਨਸ਼ੇ ਕਾਰਨ ਕਈ ਲੋਕ ਮਰਦੇ ਹਨ। ਇਸ ਲਈ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਰੋਕਥਾਮ ਲਈ ਹਰ ਸਾਲ 26 ਜੂਨ ਨੂੰ ਨਸ਼ਾਖੋਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ 7 ਦਸੰਬਰ 1987 ਨੂੰ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸਨੂੰ ਉਸ ਸਮੇਂ ਉੱਥੇ ਮੌਜ਼ੂਦ ਸਾਰੇ ਦੇਸ਼ਾਂ ਨੇ ਪਾਸ ਕਰ ਦਿੱਤਾ ਸੀ। 26 ਜੂਨ 1989 ਨੂੰ ਪਹਿਲੀ ਵਾਰ ਨਸ਼ਾਖੋਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਸੀ।
ਕਈ ਲੋਕਾਂ ਨੂੰ ਲੱਗਦਾ ਹੈ ਕਿ ਨਸ਼ਾ ਕਰਨ ਨਾਲ ਖੁਸ਼ੀ ਮਿਲਦੀ ਹੈ, ਤਣਾਅ ਦੂਰ ਕੀਤਾ ਜਾ ਸਕਦਾ ਹੈ ਅਤੇ ਆਤਮਵਿਸ਼ਵਾਸ ਵਧਦਾ ਹੈ, ਪਰ ਅਜਿਹਾ ਨਹੀਂ ਹੈ। ਇਸ ਗਲਤ ਧਾਰਨਾ ਕਰਕੇ ਲੋਕ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸਦਾ ਸਿਹਤ ‘ਤੇ ਗਲਤ ਅਸਰ ਪੈਂਦਾ ਹੈ।
ਨੌਜਵਾਨਾਂ ਵਿੱਚ ਵੱਧ ਰਿਹਾ ਨਸ਼ਾ: ਨੌਜਵਾਨਾਂ ‘ਚ ਨਸ਼ਾ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਪਿੱਛੇ ਨੌਜਵਾਨਾਂ ‘ਚ ਸਬਰ ਦੀ ਕਮੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਨੌਜਵਾਨ ਛੋਟੀਆਂ ਗੱਲ੍ਹਾਂ ਨੂੰ ਲੈ ਕੇ ਤਣਾਅ ਅਤੇ ਗੁੱਸੇ ‘ਚ ਆ ਜਾਂਦੇ ਹਨ, ਜਿਸਦੇ ਚਲਦਿਆਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਕੇ ਉਹ ਨਸ਼ਿਆਂ ਵੱਲ ਤੁਰ ਪੈਂਦੇ ਹਨ। ਇੱਕ ਵਾਰ ਨਸ਼ੇ ਦੀ ਆਦਤ ਪੈ ਜਾਣ ਤੋਂ ਬਾਅਦ ਇਸਨੂੰ ਛੱਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
- ਕਿਸੇ ਵੀ ਨਸ਼ੇ ਦਾ ਇਸਤੇਮਾਲ ਕਰਨ ਨਾਲ ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਤੋਂ ਬਿਮਾਰ ਹੋ ਸਕਦੇ ਹੋ।
- ਹਰ ਸਮੇਂ ਨਸ਼ੇ ‘ਚ ਰਹਿਣ ਵਾਲਾ ਵਿਅਕਤੀ ਹਿੰਸਕ ਹੋ ਸਕਦਾ ਹੈ।
- ਸ਼ਰਾਬ ਅਤੇ ਸਿਗਰਟ ਦੇ ਜ਼ਿਆਦਾ ਸੇਵਨ ਨਾਲ ਸ਼ੂਗਰ ਅਤੇ ਮੋਟਾਪੇ ਦਾ ਖਤਰਾ ਵੱਧ ਸਕਦਾ ਹੈ।
- ਨਸ਼ੇ ਦੀ ਲਤ ਪ੍ਰਜਨਨ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਪੁਰਸ਼ਾਂ ਵਿੱਚ ਘੱਟ ਸ਼ੁਕਰਾਣੂ ਅਤੇ ਟੈਸਟੋਸਟੀਰੋਨ ਦੀ ਕਮੀ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ।
- ਨਸ਼ੇ ਕਾਰਨ ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਹਾਰਟ ਅਟੈਕ ਦਾ ਖਤਰਾ ਵੱਧ ਸਕਦਾ ਹੈ।
- ਨਸ਼ੇ ਕਾਰਨ ਜਿਗਰ ਖਰਾਬ ਹੋ ਸਕਦਾ ਹੈ।
- ਨਸ਼ੇ ਨਾਲ ਪੇਟ, ਮੂੰਹ ਅਤੇ ਗਲੇ ਦੇ ਕੈਂਸਰ ਦਾ ਖਤਰਾ ਵੀ ਹੋ ਸਕਦਾ ਹੈ।