ਨਵਾਂਸ਼ਹਿਰ, 14 ਮਈ 2024 (ਪੰਜਾਬੀ ਖਬਰਨਾਮਾ) : ਸ਼੍ਰੀ ਨਵਜੋਤਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ—ਕਮ—ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਅਤੇ ਸ਼੍ਰੀ ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਰਹਿਨੁਮਾਈ ਹੇਠ ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ, ਸਵੈ—ਰੋਜ਼ਗਾਰ ਦੇ ਨਾਲ ਨਾਲ ਕਿੱਤਾ ਵਿਉਂਤਬੰਦੀ ਅਤੇ ਭਵਿੱਖ ਵਿੱਚ ਰੋਜ਼ਗਾਰ ਪ੍ਰਾਪਤੀ ਲਈ ਇੱਕ ਸਹੀ ਸੇਧ ਦੇਣ ਵਿੱਚ ਸਹਾਈ ਹੋ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਵੱਲੋਂ ਦੱਸਿਆ ਗਿਆ ਕਿ ਬਿਊਰੋ ਵੱਲੋਂ ਸਮੇਂ ਸਮੇਂ ਤੇ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਰੋਜ਼ਗਾਰ ਅਤੇ ਕੈਰੀਅਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਅੱਜ ਐਸ.ਬੀ.ਐਸ ਸਕਿੱਲ ਸੈਂਟਰ ਦੇ ਲਗਭਗ 37 ਵਿਦਿਆਰਥੀਆਂ ਵੱਲੋਂ ਬਿਊਰੋ ਦਾ ਦੌਰਾ ਕੀਤਾ ਗਿਆ। ਜਿਲ੍ਹਾ ਰੋਜ਼ਗਾਰ ਅਫ਼ਸਰ ਵੱਲੋਂ ਵਿਦਿਆਰਥੀਆਂ ਨੂੰ ਬਿਊਰੋ ਵਿੱਚ ਆਉਣ ਤੇ ਜੀ ਆਇਆ ਆਖਦਿਆਂ ਹੋਇਆ ਉਹਨਾਂ ਨੂੰ ਹੁਨਰ ਵਿਕਾਸ ਦੇ ਕੋਰਸ ਉਪਰੰਤ ਉਪਲਬਧ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਨਾਲ ਸਬੰਧਤ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ। ਜਸਵੀਰ ਸਿੰਘ ਕੈਰੀਅਰ ਕਾਊਂਸਲਰ ਵੱਲੋਂ ਵਿਦਿਆਰਥੀਆਂ ਨੂੰ ਬਿਊਰੋ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੂੰ ਵਿਸ਼ੇ ਸਬੰਧੀ ਕਰੀਅਰ ਆਪਸ਼ਨਸ ਬਾਰੇ ਦੱਸਿਆ ਗਿਆ। ਸ਼੍ਰੀਮਤੀ ਹਿਨਾ ਭਾਟੀਆ, ਯੰਗ ਪ੍ਰੋਫੈਸ਼ਨਲ ਵੱਲੋਂ ਵਿਦਿਆਰਥੀਆਂ ਨੂੰ ਨੈਸ਼ਨਲ ਕੈਰੀਅਰ ਪੋਰਟਲ ਦੀ ਮਹੱਤਤਾ ਅਤੇ ਪੋਰਟਲ ਤੇ ਉਪਲਬਦ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਰਾਜ ਕੁਮਾਰ, ਹੁਨਰ ਵਿਕਾਸ ਮਿਸ਼ਨ ਵਲੋਂ ਵਿਦਿਆਰਥੀਆਂ ਨੂੰ ਬਿਊਰੋ ਦੀਆਂ ਸ਼ਾਖਾਵਾਂ ਦੀ ਵਿਜਿਟ ਕਰਵਾਈ ਗਈ ਅਤੇ ਸ਼ਾਖਾਵਾਂ ਦੇ ਕੰਮ ਸਬੰਧੀ ਜਾਣਕਾਰੀ ਦਿੱਤੀ ਗਈ।