ਨਵੀਂ ਦਿੱਲੀ, 11 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਫਰਜ਼ੀ ਢੰਗ ਨਾਲ ਫਾਰਮਾਸਿਸਟ ਬਣਾਉਣ ਦੇ ਮਾਮਲੇ ’ਚ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਨੂੰ ਪੰਜਾਬ ਦੇ ਅਬੋਹਰ ਦੇ 2 ਵੱਡੇ ਨਰਸਿੰਗ ਕਾਲਜਾਂ ਦੇ ਮਾਲਕਾਂ ਦੇ ਵੀ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ। ਅਬੋਹਰ ਦੇ ਐੱਸਪੀ ਕਾਲਜ ਆਫ ਫਾਰਮੇਸੀ ਅਤੇ ਮੀਰਾ ਕਾਲਜ ਆਫ ਫਾਰਮੇਸੀ ਦੇ ਮਾਲਕ ਸਾਹਿਲ ਮਿੱਤਲ ਤੇ ਸਮੀਰ ਮਿੱਤਲ (ਸਕੇ ਭਰਾ) ਨੂੰ ਏਸੀਬੀ ਨੇ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ। ਇਹ ਦੋਵੇਂ ਨਰਸਿੰਗ ਕਾਲਜ ਹਨ ਪਰ ਇਥੇ ਫਾਰਮੇਸੀ ’ਚ ਡਿਪਲੋਮਾ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ। ਏਸੀਬੀ ਦੇ ਜੁਆਇੰਟ ਪੁਲਸ ਕਮਿਸ਼ਨਰ ਮਧੁਰ ਵਰਮਾ ਦਾ ਕਹਿਣਾ ਹੈ ਕਿ ਦੋਵੇਂ ਕੇਸ ’ਚ ਲੋੜੀਂਦੇ ਹਨ ਅਤੇ ਇਨ੍ਹਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਫਰਜ਼ੀ ਫਾਰਮਾਸਿਸਟ ਬਣਾਉਣ ਲਈ ਦਿੱਲੀ ’ਚ ਤਿਆਰ ਕੀਤੇ ਗਏ ਸਿੱਖਿਆ ਦਸਤਾਵੇਜ਼ਾਂ ਨੂੰ ਇਨ੍ਹਾਂ ਕਾਲਜਾਂ ਨੇ ਸਰਟੀਫਾਈ ਕਰ ਕੇ ਅਸਲੀ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਦਿੱਲੀ ਫਾਰਮੇਸੀ ਕੌਂਸਲ ਵੱਲੋਂ ਉਮੀਦਵਾਰਾਂ ਦਾ ਰਜਿਸਟ੍ਰੇਸ਼ਨ ਸਹੀ ਦੱਸ ਕੇ ਫਾਰਮਾਸਿਸਟਾਂ ਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਸੀ। ਇਸ ਸਰਟੀਫਿਕੇਟ ਦੇ ਆਧਾਰ ’ਤੇ ਫਰਜ਼ੀ ਫਾਰਮਾਸਿਸਟਾਂ ਨੇ ਡਰੱਗ ਕੰਟਰੋਲ ਵਿਭਾਗ ਤੋਂ ਦਵਾਈਆਂ ਦੀ ਦੁਕਾਨ ਖੋਲ੍ਹਣ ਲਈ ਲਾਈਸੈਂਸ ਹਾਸਲ ਕਰ ਲਿਆ ਸੀ। ਮੁਜ਼ੱਫਰਨਗਰ ਦੇ ਬਾਬਾ ਇੰਸਟਿਚਿਊਟ ਆਫ ਫਾਰਮੇਸੀ ਕਾਲਜ ਦੇ ਮਾਲਕ ਇਮਲਾ ਖਾਨ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਰਦਾਰ ਪਟੇਲ ਕਾਲਜ ਅਬੋਹਰ ਅਤੇ ਬਾਗਪਤ ਇੰਸਟੀਚਿਊਟ ਬਾਗਪਤ ਦੇ ਮਾਲਕਾਂ ਦੀ ਭੂਮਿਕਾ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਏਸੀਬੀ ਨੇ ਪਿਛਲੇ ਦਿਨੀਂ ਪੁੱਛਗਿੱਛ ਲਈ ਦਿੱਲੀ ਫਾਰਮੇਸੀ ਕੌਂਸਲ ਦੇ ਸਾਬਕਾ ਰਜਿਸਟ੍ਰਰਾਰ ਕੁਲਦੀਪ ਸਿੰਘ, ਦਲਾਲ ਸੰਜੇ ਕੁਮਾਰ ਅਤੇ ਦਿੱਲੀ ਫਾਰਮੇਸੀ ਕੌਂਸਲ ’ਚ 20 ਸਾਲਾਂ ਤੋਂ ਠੇਕੇ ’ਤੇ ਤਾਇਨਾਤ ਮੁਕੇਸ਼ ਕੁਮਾਰ ਸ਼ਰਮਾ ਨੂੰ ਇਕ ਦਿਨ ਦੇ ਰਿਮਾਂਡ ’ਤੇ ਲਿਆ ਸੀ। ਉਨ੍ਹਾਂ ਤੋਂ ਪੁੱਛਗਿੱਛ ’ਚ ਕਈ ਨਵੀਆਂ ਜਾਣਕਾਰੀਆਂ ਮਿਲੀਆਂ। ਏਸੀਬੀ ਨੇ ਦਸਤਾਵੇਜ਼ਾਂ ’ਤੇ ਮੌਜੂਦ ਦਸਤਖਤਾਂ ਦੇ ਮਿਲਾਨ ਦੀ ਜਾਂਚ ਲਈ ਤਿੰਨ ਮੁਲਜ਼ਮਾਂ ਸੰਜੇ ਕੁਮਾਰ, ਮੀਰਾ ਕਾਲਜ ਆਫ ਫਾਰਮੇਸੀ ਦੇ ਕਰਮਚਾਰੀ ਗੁਰੂਸ਼ਰਨ ਅਤੇ ਆਰਐੱਸਐੱਸ ਕਾਲਜ ਆਫ ਫਾਰਮੇਸੀ, ਮਥੁਰਾ ਦੇ ਕਰਮਚਾਰੀ ਹਰੀਓਮ ਦੇ ਨਮੂਨੇ ਵੀ ਲਏ ਹਨ।
ਏਸੀਬੀ ਦਾ ਕਹਿਣਾ ਹੈ ਕਿ ਸੰਜੇ ਕੁਮਾਰ, ਨੀਰਜ ਨਾਂ ਦੇ ਮੁਲਜ਼ਮ ਕੰਪਿਊਟਰ ’ਤੇ ਉਮੀਦਵਾਰਾਂ ਦੇ 10ਵੀਂ ਅਤੇ 12ਵੀਂ ਦੇ ਸਰਟੀਫਿਕੇਟਾਂ ਤੋਂ ਇਲਾਵਾ ਫਾਰਮੇਸੀ ’ਚ ਡਿਪਲੋਮਾ ਦੇ ਸਰਟੀਫਿਕੇਟ ਤੇ ਇੰਟਰਨਸ਼ਿਪ ਆਦਿ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਉਨ੍ਹਾਂ ਨੂੰ ਸੌਂਪ ਦਿੰਦੇ ਸਨ। ਸੰਜੇ ਉਮੀਦਵਾਰਾਂ ਤੋਂ ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਦਿੱਲੀ ਫਾਰਮੇਸੀ ਕੌਂਸਲ ਦੀ ਵੈੱਬਸਾਈਟ ’ਤੇ ਅਪਲੋਡ ਕਰਵਾ ਦਿੰਦਾ ਸੀ। ਇਸ ਤੋਂ ਬਾਅਦ ਕੁਲਦੀਪ ਇਨ੍ਹਾਂ ਦਸਤਾਵੇਜ਼ਾਂ ਦੀ ਸਰਟੀਫਿਕੇਸ਼ਨ ਲਈ ਸਬੰਧਤ ਫਾਰਮੇਸੀ ਕਾਲਜਾਂ ਨੂੰ ਮੇਲ ਭੇਜ ਕੇ ਪੁੱਛਦਾ ਸੀ ਕਿ ਕੀ ਇਨ੍ਹਾਂ ਉਮੀਦਵਾਰਾਂ ਨੇ ਤੁਹਾਡੇ ਕਾਲਜ ਤੋਂ ਡਿਪਲੋਮਾ ਕੀਤਾ ਹੈ। ਕਾਲਜਾਂ ਤੋਂ ਮੇਲ ਰਾਹੀਂ ਦਸਤਾਵੇਜ਼ਾਂ ਨੂੰ ਗਲਤ ਹੋਣ ’ਤੇ ਵੀ ਸਰਟੀਫਾਈ ਕਰ ਦਿੱਤਾ ਜਾਂਦਾ ਸੀ।
ਏਸੀਬੀ ਦਾ ਕਹਿਣਾ ਹੈ ਕਿ ਵੈੱਬਸਾਈਟ ’ਤੇ ਦਸਤਾਵੇਜ਼ ਅਪਲੋਡ ਕਰਨ ਦੌਰਾਨ ਯੂਜ਼ਰ ਆਈਡੀ ਆਉਂਦੀ ਸੀ ਤੇ ਕੇਸ ਆਈਡੀ ਜੈਨਰੇਟ ਹੁੰਦੀ ਹੈ। ਉਸੇ ਦੇ ਆਧਾਰ ’ਤੇ ਉਮੀਦਵਾਰਾਂ ਨੂੰ ਸਰਕਾਰੀ ਫੀਸ ਜਮ੍ਹਾ ਕਰਾਉਣੀ ਪੈਂਦੀ ਹੈ। ਇਕ ਉਮੀਦਵਾਰ ਇਕ ਵਾਰ ਹੀ ਅਜਿਹਾ ਕਰ ਸਕਦਾ ਹੈ। ਜਾਂਚ ’ਚ 162 ਉਮੀਦਵਾਰਾਂ ਦੀਆਂ ਇਹ ਦੋਵੇਂ ਆਈਡੀ 2-2 ਮਿਲੀਆਂ, ਜਿਸ ਨਾਲ ਫਰਜ਼ੀਵਾੜਾ ਹੋਣ ਦੀ ਪੁਸ਼ਟੀ ਹੁੰਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਕਤ ਉਮੀਦਵਾਰਾਂ ਨੇ 2-2 ਵਾਰ ਅਪਲਾਈ ਕੀਤਾ ਸੀ।
ਸੰਖੇਪ: ਫਰਜ਼ੀ ਫਾਰਮਾਸਿਸਟ ਮਾਮਲੇ ’ਚ 48 ਗਿਰਫ਼ਤਾਰ, ਹੁਣ ਅਬੋਹਰ ਦੇ 2 ਨਰਸਿੰਗ ਕਾਲਜ ਮਾਲਕ ਵੀ ਹੋਣਗੇ ਗਿਰਫ਼ਤਾਰ।