ਚੰਡੀਗੜ੍ਹ 06 ਜੂਨ 2024 (ਪੰਜਾਬੀ ਖਬਰਨਾਮਾ) :  ਬੇਸ਼ੱਕ ਆਮ ਆਦਮੀ ਪਾਰਟੀ ਨੇ ਤਿੰਨ ਸੰਸਦੀ ਸੀਟਾਂ ’ਤੇ ਜਿੱਤ ਹਾਸਲ ਕਰਕੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਦੋ ਸੀਟਾਂ ਵੱਧ ਜਿੱਤੀਆਂ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਦਾ 13-0 ਦਾਅਵਾ ਸੱਚ ਨਹੀ ਹੋ ਸਕਿਆ। ਜੇਕਰ ਤਾਜ਼ਾ ਹੋਈਆਂ ਚੋਣਾਂ ਦੇ ਨਤੀਜ਼ਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਮੰਤਰੀਆਂ ਅਤੇ ਵਿਧਾਇਕਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ਦੇ ਅੱਠ ਮੰਤਰੀ ਆਪਣੇ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਵਿਚ ਅਸਫਲ ਰਹੇ ਹਨ। ਜਦਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਹਲਕਿਆਂ ਵਿਚ ਪਾਰਟੀ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਪਾਰਟੀ ਦੇ 57 ਵਿਧਾਇਕਾਂ ਦੇ ਹਲਕਿਆਂ ਵਿਚ ਆਪ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।

ਜਿਹੜੇ ਮੰਤਰੀਆਂ ਦੇ ਹਲਕਿਆਂ ਵਿਚ ਆਪ ਦੀ ਸਰਦਾਰੀ ਕਾਇਮ ਰਹੀ ਹੈ, ਉਨ੍ਹਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ (ਧੂਰੀ), ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ (ਦਿੜਬਾ), ਨਵੀ ਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ (ਸੁਨਾਮ), ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ (ਉਮੀਦਵਾਰ ਸੰਗਰੂਰ), ਪ੍ਰਵਾਸੀ ਮਾਮਲਿਆਂ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਸਿਹਤ ਮੰਤਰੀ ਡਾ ਬਲਵੀਰ ਸਿੰਘ (ਪਟਿਆਲਾ ਦੇਹਾਤੀ), ਸਿੱਖਿਆ ਮੰਤਰੀ ਹਰਜੋਤ ਬੈਂਸ (ਸ੍ਰੀ ਅਨੰਦਪੁਰ ਸਾਹਿਬ) ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਹਲਕਾ ਸਮਾਣਾ ਸ਼ਾਮਲ ਹੈ।

ਜਦੋਂ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੁੱਡੀਆਂ ਆਪਣੇ ਹਲਕੇ ਲੰਬੀ ਤੋਂ ਪਿੱਛੇ ਰਹਿ ਗਏ। ਇਥੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 54337 ਵੋਟਾਂ ਪ੍ਰਾਪਤ ਹੋਈਆਂ ਜਦਕਿ ਖੁੱਡੀਆਂ 31073 ਵੋਟਾਂ ਹੀ ਲੈ ਸਕੇ। ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਪੱਟੀ ਹਲਕੇ ਤੋਂ ਬੁਰੀ ਤਰ੍ਹਾਂ ਹਾਰ ਗਏ। ਭੁੱਲਰ ਨੂੰ ਪੱਟੀ ਤੋਂ 27804 ਵੋਟਾਂ ਮਿਲੀਆਂ ਹਨ, ਜਦੋਂਕਿ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 56758 ਵੋਟਾਂ ਲੈ ਗਏ। ਸਿਹਤ ਮੰਤਰੀ ਡਾ ਬਲਵੀਰ ਸਿੰਘ ਅਤੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਚੋਣ ਹਾਰ ਗਏ ਹਨ, ਪਰ ਉਹ ਆਪਣੇ ਹਲਕੇ ਵਿਚ ਬੜਤ ਬਣਾਉਣ ਵਿਚ ਕਾਮਯਾਬ ਰਹੇ ਹਨ।

ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੇ ਹਲਕੇ ਮਲੋਟ ਵਿਚ ਆਪ ਦਾ ਉਮੀਦਵਾਰ 842 ਵੋਟਾਂ ਦੇ ਅੰਤਰ ਨਾਲ ਪਿਛੜ ਗਿਆ। ਆਪ ਨੂੰ 31973 ਵੋਟਾਂ ਮਿਲੀਆਂ ਹਨ, ਜਦਕਿ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਨੂੰ 32815 ਵੋਟਾਂ ਮਿਲੀਆਂ ਹਨ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਹਲਕੇ ਹੁਸ਼ਿਆਰਪੁਰ ਵਿਖੇ ਆਪ ਨੂੰ 36957 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ 38664 ਤੇ ਕਾਂਗਰਸ ਨੂੰ 25180 ਵੋਟਾਂ ਮਿਲੀਆਂ।

ਇਸੇ ਤਰਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਦੇ ਹਲਕਾ ਭੋਆ ਵਿਚ ਆਪ ਨੂੰ 31372 ਅਤੇ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ 56393 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਹਲਕਾ ਜੰਡਿਆਲਾ ਵਿਖੇ ਆਪ ਨੂੰ 23571 ਵੋਟਾਂ ਪ੍ਰਾਪਤ ਹੋਈਆਂ ਅਤੇ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ 45190 ਵੋਟਾਂ ਮਿਲੀਆਂ। ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਗਗਨ ਅਨਮੋਲ ਮਾਨ ਦੇ ਹਲਕਾ ਖਰੜ ਵਿਚ ਆਪ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ 40983ਵੋਟਾਂ ਮਿਲੀਆਂ ਅਤੇ ਕਾਂਗਰਸ ਦੇ ਵਿਜੈਇੰਦਰ ਸਿੰਗਲਾਂ ਨੂੰ 46622 ਵੋਟਾਂ ਮਿਲੀਆਂ ਤੇ ਭਾਜਪਾ ਦੇ ਡਾ ਸੁਭਾਸ਼ ਸ਼ਰਮਾ 40391 ਵੋਟਾਂ ਮਿਲੀਆਂ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਦੇ ਹਲਕੇ ਕਰਤਾਰਪੁਰ ਵਿਖੇ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਇਥੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ 45158 ਅਤੇ ਆਪ ਦੇ ਪਵਨ ਟੀਨੂੰ ਨੂੰ 29106 ਅਤੇ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ 11856 ਵੋਟਾਂ ਮਿਲੀਆਂ।

ਆਪ ਦਾ ਵੋਟ ਪ੍ਰਤੀਸ਼ਤ ਘਟਿਆ

ਇਹਨਾਂ ਚੋਣਾਂ ਵਿਚ ਆਪ ਦਾ ਵੋਟ ਪ੍ਰਤੀਸ਼ਤ ਘੱਟਕੇ 26.02 ਫੀਸਦੀ ਰਹਿ ਗਿਆ ਹੈ। ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਨੂੰ 42.01 ਫ਼ੀਸਦੀ ਵੋਟ ਮਿਲਿਆ ਸੀ ਅਤੇ ਪਾਰਟੀ ਦੇ 92 ਵਿਧਾਇਕ ਚੁਣੇ ਗਏ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।