26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਅਹੁਦੇ ਤੋਂ ਅਸਤੀਫਾ (Jagmohan Singh Raju resigns) ਦੇ ਦਿੱਤਾ ਹੈ। ਰਾਜੂ ਨੇ ਚਾਰ ਪੰਨਿਆਂ ਦਾ ਆਪਣਾ ਅਸਤੀਫ਼ਾ ਲਿਖਿਆ ਹੈ। ਜਗਮੋਹਨ ਸਿੰਘ ਰਾਜੂ ਨੇ ਭਾਜਪਾ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਅਤੇ ਆਪਣਾ ਅਸਤੀਫਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਭੇਜਿਆ ਹੈ।
ਇਸ ਦਾ ਖੁਲਾਸਾ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਭੇਜੇ ਪੱਤਰ ਵਿਚ ਕੀਤਾ। ਉਨ੍ਹਾਂ ਇਹ ਪੱਤਰ ਦੀ ਕਾਪੀ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਕੌਮੀ ਜਨਰਲ ਸਕੱਤਰ ਬੀਐਲ ਸੰਤੋਸ਼, ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ, ਨਰਿੰਦਰ ਸਿੰਘ ਰੈਣਾ, ਸੰਗਠਨ ਮਹਾ ਮੰਤਰੀ ਤੇ ਕੋਰ ਕਮੇਟੀ ਭਾਜਪਾ ਦੇ ਮੈਂਬਰਾਂ ਨੂੰ ਵੀ ਭੇਜੀ ਹੈ।
ਪੱਤਰ ਵਿੱਚ ਉਨ੍ਹਾਂ ਆਪਣੇ ਅਸਤੀਫੇ ਦਾ ਕਾਰਨ ਸੰਗਠਨ ਚੋਣਾਂ ਵਿਚ ਹੋਈ ਵਧੀਕੀ ਦੱਸਿਆ ਹੈ। ਜਗਮੋਹਨ ਸਿੰਘ ਰਾਜੂ ਨੇ ਦੋਸ਼ ਲਾਇਆ ਕਿ ਚੋਣਾਂ ਵਿਚ ਪਾਰਟੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਵੱਲੋਂ ਇਸ ਸਬੰਧੀ ਦੋਸ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਉਤੇ ਲਾਇਆ ਗਿਆ ਹੈ। ਉਨ੍ਹਾਂ ਆਪਣੇ ਪੱਤਰ ਦੇ ਨਾਲ ਪਾਰਟੀ ਸੰਵਿਧਾਨ ਦੇ ਕੁਝ ਵੇਰਵੇ ਵੀ ਦਿੱਤੇ ਹਨ। ਉਨ੍ਹਾਂ ਨੇ 2024 ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੇ ਸਮੇਂ ਹੋਈ ਵਧੀਕੀ ਦੇ ਵੀ ਵੇਰਵੇ ਦਿੱਤੇ ਹਨ।
ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਉਸ ਵੇਲੇ ਵੀ ਆਪਣੇ ਕੁਝ ਚਹੇਤਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ, ਜਿਸ ਦਾ ਸਿੱਟਾ ਇਹ ਹੋਇਆ ਸੀ ਕਿ ਪਾਰਟੀ ਨੂੰ 85 ਵਿੱਚੋਂ ਸਿਰਫ ਅੱਠ ਸੀਟਾਂ ਹੀ ਪ੍ਰਾਪਤ ਹੋਈਆਂ ਸਨ। ਉਨ੍ਹਾਂ ਲਿਖਿਆ ਕਿ ਉਹ ਪਾਰਟੀ ਵਿੱਚ ਆਮ ਵਰਕਰ ਵਜੋਂ ਕੰਮ ਕਰਦੇ ਰਹਿਣਗੇ।
ਸੰਖੇਪ: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਚੋਣੀ ਵਧੀਕੀ ਦੇ ਦੋਸ਼ ਲਾਂਦਿਆਂ ਅਹੁਦੇ ਤੋਂ ਅਸਤੀਫਾ ਦਿੱਤਾ।
