ਪਟਿਆਲਾ (ਪੰਜਾਬੀ ਖਬਰਨਾਮਾ) 28 ਮਈ : ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਆਈ ਔਰਤ ਨੇ ਪੁੱਤਰ ਨੂੰ ਜਨਮ ਦਿੱਤਾ। ਉਪਰੰਤ ਬੱਚੇ ਦੇ ਬਿਮਾਰ ਹੋਣ ’ਤੇ ਇਲਾਜ ਲਈ ਪੈਸੇ ਨਾ ਹੋਣ ਕਾਰਨ ਔਰਤ ਉਸ ਨੂੰ ਉਥੇ ਹੀ ਛੱਡ ਕੇ ਚਲੀ ਗਈ। ਬਾਅਦ ਵਿਚ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਬੱਚੇ ਨੂੰ ਜਨਮ ਦੇਣ ਵਾਲੀ ਸਿ੍ਰਸ਼ਟੀ ਨਾਮਕ ਔਰਤ ਮਨੀ ਰੋਡ ਲੁਧਿਆਣੇ ਦੀ ਰਹਿਣ ਵਾਲੀ ਹੈ।
ਜਾਣਕਾਰੀ ਅਨੁਸਾਰ ਉਕਤ ਔਰਤ 22 ਮਈ ਨੂੰ ਹਸਪਤਾਲ ਦਾਖਲ ਹੋਈ ਸੀ। ਉਸ ਨੇ 23 ਮਈ ਨੂੰ ਬੱਚੇ ਨੂੰ ਜਨਮ ਦਿੱਤਾ। ਜਦੋਂ ਡਾਕਟਰਾਂ ਨੇ ਬੱਚਾ ਬਿਮਾਰ ਹੋਣ ਦੀ ਗੱਲ ਕਹੀ ਤਾਂ ਔਰਤ ਨੇ ਕਿਹਾ ਕਿ ਉਸ ਕੋਲ ਇਲਾਜ ਲਈ ਪੈਸੇ ਨਹੀਂ ਹਨ ਅਤੇ ਬੱਚਾ ਉਸ ਦੇ ਹਵਾਲੇ ਕਰ ਦੇਣ ਪਰ ਹਸਪਤਾਲ ਪ੍ਰਬੰਧਕਾਂ ਨੇ ਬੱਚਾ ਬਿਮਾਰ ਹੋਣ ਕਾਰਨ ਛੁੱਟੀ ਨਹੀਂ ਦਿੱਤੀ। ਇਸ ਦੌਰਾਨ ਔਰਤ ਬੱਚੇ ਨੂੰ ਉਥੇ ਹੀ ਛੱਡ ਕੇ ਚਲੀ ਗਈ।
ਔਰਤ ਦੇ ਅਚਾਨਕ ਚਲੇ ਜਾਣ ਤੋਂ ਬਾਅਦ ਡਾਕਟਰਾਂ ਨੇ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ 25 ਮਈ ਨੂੰ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਰਜਿੰਦਰਾ ਹਸਪਤਾਲ ਦੇ ਜੂਨੀਅਰ ਡਾਕਟਰ ਮਿਸਲ ਅਲੀ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਔਰਤ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਡਾਕਟਰ ਅਨੁਸਾਰ ਪੁਲਿਸ ਨੇ ਬੱਚੇ ਦੀ ਸੁਰੱਖਿਆ ਲਈ ਮਾਡਲ ਟਾਊਨ ਥਾਣੇ ਦੀ ਇਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਤੈਨਾਤ ਕੀਤਾ ਗਿਆ ਸੀ ਪਰ ਬੱਚੇ ਨੇ 25 ਮਈ ਨੂੰ ਦੁਪਹਿਰ 3 ਵਜੇ ਆਖਰੀ ਸਾਹ ਲਿਆ।
ਬੱਚੇ ਨੂੰ ਦਫ਼ਨਾ ਦਿੱਤਾ ਗਿਆ : ਜਾਂਚ ਅਧਿਕਾਰੀ
ਪੁਲਿਸ ਚੌਂਕੀ ਮਾਡਲ ਟਾਊਨ ਦੇ ਜਾਂਚ ਅਧਿਕਾਰੀ ਨਰਾਤਾ ਰਾਮ ਨੇ ਦੱਸਿਆ ਕਿ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਦਫਨਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਮਾਂ ਦੀ ਭਾਲ ਜਾਰੀ ਹੈ ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਉਸ ਨੇ ਬੱਚਾ ਕਿਸ ਕਾਰਨ ਕਰ ਕੇ ਹਸਪਤਾਲ ’ਚ ਛੱਡਿਆ ਸੀ।